ਕੁਲਦੀਪ ਭੁੱਲਰ/ਜਗਤਾਰ ਅਨਜਾਣ
ਮੌੜ ਮੰਡੀ, 15 ਫਰਵਰੀ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਪੰਜਾਬ ਨੂੰ ਕਰਜ਼ੇ ਅਤੇ ਨਸ਼ੇ ਦੇ ਜਾਲ ’ਚੋਂ ਕੱਢਣ ਲਈ ਨਰਿੰਦਰ ਮੋਦੀ ਵਰਗੇ ਆਗੂ ਦੀ ਲੋੜ ਹੈ। ਉਹ ਅੱਜ ਇੱਥੇ ਮੌੜ ਮੰਡੀ ਤੋਂ ਉਮੀਦਵਾਰ ਦਿਆਲ ਸਿੰਘ ਸੋਢੀ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਨੱਢਾ ਨੇ ਕਿਹਾ ਕਿ ਭਾਜਪਾ ਇੱਕੋ-ਇੱਕ ਅਜਿਹੀ ਪਾਰਟੀ ਹੈ, ਜੋ ਪਰਿਵਾਰਵਾਦ ਤੋਂ ਮੁਕਤ ਹੈ। ਪਰਿਵਾਰਵਾਦ ਵਿਚ ਗਲਤਾਨ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਨੂੰ ਕਰਜ਼ੇ ਅਤੇ ਨਸ਼ੇ ਦੇ ਮੱਕੜਜਾਲ ’ਚੋਂ ਕੱਢਣ ਲਈ ਨਰਿੰਦਰ ਮੋਦੀ ਵਰਗੇ ਆਗੂ ਦੀ ਲੋੜ ਹੈ। ਉਹ ਸੂਬੇ ’ਚੋਂ ਹਰ ਤਰ੍ਹਾਂ ਦਾ ਮਾਫੀਆ ਖ਼ਤਮ ਕਰ ਕੇ ਦੁਬਾਰਾ ਇਸ ਨੂੰ ਖੁਸ਼ਹਾਲੀ ਦੇ ਰਸਤੇ ’ਤੇ ਤੋਰ ਸਕਦੇ ਹਨ। ਸ੍ਰੀ ਨੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬੀਆਂ ਖਾਸ ਕਰ ਸਿੱਖਾਂ ਦੇ ਹਿੱਤਾਂ ਵਿੱਚ ਲਏ ਫੈਸਲਿਆਂ, ਜਿਵੇਂ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਲੰਗਰ ਟੈਕਸ ਮੁਕਤ ਕਰਨਾ, 316 ਵਿਅਕਤੀਆਂ ਦੇ ਨਾਂ ਬਲੈਕ ਸੂਚੀ ’ਚੋਂ ਹਟਾ ਕੇ ਮੁੱਖ ਧਾਰਾ ਵਿੱਚ ਸ਼ਾਮਲ ਕਰਨੇ, 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਐੱਸਆਈਟੀ ਦਾ ਗਠਨ ਕਰ ਕੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਾ ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਵਿਚ ਆ ਕੇ ਭਾਜਪਾ ਦਾ ਵਿਰੋਧ ਨਾ ਕਰਨ ਸਗੋਂ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਭਾਜਪਾ ਦਾ ਸਾਥ ਦੇਣ। ਇਸ ਮੌਕੇ ਜਗਦੀਪ ਸਿੰਘ ਨਕੱਈ, ਸੂਰਜ ਛਾਬੜਾ, ਦਰਸ਼ਨ ਸਿੰਘ, ਭਾਰਤ ਭੂਸ਼ਨ ਹਾਜ਼ਰ ਸਨ।
ਬਲੂਆਣਾ (ਰਾਜਿੰਦਰ ਕੁਮਾਰ): ਭਾਜਪਾ ਆਗੂ ਜੇਪੀ ਨੱਢਾ ਨੇ ਅੱਜ ਸੀਤੋ ਗੁੰਨੋ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਦੇ ਕਈ ਵਿਕਾਸਸ਼ੀਲ ਦੇਸ਼ ਅੱਜ ਆਪਣੀਆਂ ਸਰਹੱਦਾਂ ’ਤੇ ਖਤਰਾ ਮਹਿਸੂਸ ਕਰ ਰਹੇ ਹਨ, ਅਜਿਹੇ ਮੌਕੇ ਭਾਰਤ ਦੀਆਂ ਸਰਹੱਦਾਂ ਦਾ ਪੂਰੀ ਤਰ੍ਹਾਂ ਸੁਰੱਖਿਅਤ ਹੋਣਾ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਕਿਹਾ ਕਿ ਖ਼ੁਸ਼ਹਾਲ ਪੰਜਾਬ ਦਾ ਨਿਰਮਾਣ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਵਿਚ ਹਿੰਦੂ-ਸਿੱਖ ਏਕਤਾ ਦੀ ਸਭ ਤੋਂ ਵੱਡੀ ਹਾਮੀ ਰਹੀ ਹੈ ਅਤੇ ਰਹੇਗੀ। ਉਨ੍ਹਾਂ ਹਲਕਾ ਵਾਸੀਆਂ ਨੂੰ ਭਾਜਪਾ ਉਮੀਦਵਾਰ ਵੰਦਨਾ ਸਾਂਗਵਾਨ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ।
‘ਪੰਜਾਬ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ’
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਭਾਜਪਾ ਉਮੀਦਵਾਰ ਪੂਰਨ ਚੰਦ ਮੂਜੈਦੀਆ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਪੰਜਾਬ ਵੱਲ ਗੁਆਂਢੀ ਮੁਲਕ ਪਾਕਿਸਤਾਨ ਦੀ ਨਿਗਾਹ ਚੰਗੀ ਨਹੀਂ ਹੈ ਅਤੇ ਖੇਤਰੀ ਪਾਰਟੀਆਂ ਨੂੰ ਰਾਸ਼ਟਰੀ ਮੁੱਦਿਆਂ ਸਬੰਧੀ ਇੰਨਾ ਤਜਰਬਾ ਨਹੀਂ ਹੈ। ਇਸ ਲਈ ਸੂਬੇ ’ਚ ਡਬਲ ਇੰਜਣ ਵਾਲੀ ਸਰਕਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਲਈ ਸਿਆਸੀ ਪਾਰਟੀਆਂ ਦਾ ਪਰਿਵਾਰਵਾਦ ਇੱਕ ਵੱਡੀ ਚੁਣੌਤੀ ਹੈ।