ਆਤਿਸ਼ ਗੁਪਤਾ
ਚੰਡੀਗੜ੍ਹ, 4 ਜੁਲਾਈ
ਮੁੱਖ ਅੰਸ਼
- ਮੰਤਰੀਆਂ ਦੀ ਗਿਣਤੀ ਵਧ ਕੇ 14 ਹੋਈ
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਢੇ ਤਿੰਨ ਮਹੀਨਿਆਂ ਮਗਰੋਂ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਪੰਜ ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਹੈ। ਇਨ੍ਹਾਂ ’ਚ ਅਮਨ ਅਰੋੜਾ, ਡਾ. ਇੰਦਰਬੀਰ ਸਿੰਘ ਨਿੱਝਰ, ਚੇਤਨ ਜੌੜੇਮਾਜਰਾ, ਫੌਜਾ ਸਿੰਘ ਸਰਾਰੀ ਅਤੇ ਅਨਮੋਲ ਗਗਨ ਮਾਨ ਸ਼ਾਮਲ ਹਨ। ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿੱਚ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਾਰੇ ਵਿਧਾਇਕਾਂ ਨੇ ਪੰਜਾਬੀ ਵਿੱਚ ਹਲਫ਼ ਲਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ। ਕੈਬਨਿਟ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਮੰਤਰੀਆਂ ਦੀ ਕੁੱਲ ਗਿਣਤੀ 14 ਹੋ ਗਈ ਹੈ। ਹਾਲੇ ਵੀ ਤਿੰਨ ਮੰਤਰੀਆਂ ਦੀ ਥਾਂ ਖਾਲੀ ਹੈ। ਦੂਜੀ ਵਾਰ ਚੋਣ ਜਿੱਤੇ ਅਮਨ ਅਰੋੜਾ ਸਮੇਤ ਤਿੰਨ ਵਿਧਾਇਕਾਂ ਨੂੰ ਕੈਬਨਿਟ ’ਚ ਥਾਂ ਮਿਲੀ ਹੈ ਜਦਕਿ 11 ਮੰਤਰੀ ਪਹਿਲੀ ਵਾਰ ਵਿਧਾਇਕ ਬਣੇ ਹਨ। ਰਾਜ ਭਵਨ ’ਚ ਨਵੇਂ ਬਣੇ ਗੁਰੂ ਨਾਨਕ ਆਡੀਟੋਰੀਅਮ ਵਿੱਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਗੁਰੂ ਹਰ ਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਸਮਾਣਾ ਤੋਂ ਚੇਤਨ ਸਿੰਘ ਜੌੜੇਮਾਜਰਾ ਅਤੇ ਖਰੜ ਤੋਂ ਅਨਮੋਲ ਗਗਨ ਮਾਨ ਨੇ ਹਲਫ਼ ਲਿਆ। ਮੰਤਰੀ ਮੰਡਲ ਵਿੱਚ ਮਾਲਵਾ, ਮਾਝਾ ਅਤੇ ਦੁਆਬਾ ਖ਼ਿੱਤਿਆਂ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਬਨਿਟ ’ਚ ਮਾਲਵਾ ਖੇਤਰ ਦੇ 9, ਮਾਝਾ ਦੇ ਪੰਜ ਅਤੇ ਦੁਆਬਾ ਦੇ ਸਿਰਫ਼ ਇਕ ਵਿਧਾਇਕ ਨੂੰ ਥਾਂ ਮਿਲ ਸਕੀ ਹੈ। ਹਲਫ਼ਦਾਰੀ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ ਅਤੇ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਰਾਜ ਸਭਾ ਲਈ ਚੁਣੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵੱਡੀ ਗਿਣਤੀ ਵਿੱਚ ਹੋਰ ਵਿਧਾਇਕ ਵੀ ਮੌਜੂਦ ਸਨ। ਨਵੇਂ ਬਣੇ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ।
ਹੋਰ ਘਪਲੇ ਛੇਤੀ ਜਨਤਕ ਕਰਾਂਗੇ: ਮੁੱਖ ਮੰਤਰੀ
ਪੰਜਾਬ ਵਜ਼ਾਰਤ ’ਚ ਵਿਸਥਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪਹਿਲੇ ਦਿਨ ਤੋਂ ਭ੍ਰਿਸ਼ਟਾਚਾਰ ’ਤੇ ਨੱਥ ਪਾਉਣ ’ਤੇ ਜ਼ੋਰ ਦਿੱਤਾ ਹੈ ਅਤੇ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਕੁਝ ਹੋਰ ਘਪਲਿਆਂ ਨੂੰ ਜਨਤਕ ਕੀਤਾ ਜਾਵੇਗਾ ਤਾਂ ਜੋ ਸੂਬੇ ਦੇ ਖਜ਼ਾਨੇ ਨੂੰ ਖੋਰਾ ਲਗਾਉਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪਿਛਲੇ 75 ਸਾਲਾਂ ਵਿੱਚ ਸੂਬੇ ਦਾ ਮਾੜਾ ਹਾਲ ਕਰ ਦਿੱਤਾ ਹੈ ਪਰ ‘ਆਪ’ ਸਰਕਾਰ ਪੁਰਾਣਿਆਂ ਤੋਂ ਵੀ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ-ਕਿਤਾਬ ਲਵੇਗੀ ਅਤੇ ਖੁਦ ਵੀ ਸਾਰਾ ਹਿਸਾਬ ਦੇਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਕੋਲ 92 ਵਿਧਾਇਕ ਹਨ ਅਤੇ ਸਾਰਿਆਂ ਨੂੰ ਲੋਕ ਸੇਵਾ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਵੇਂ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਜਲਦੀ ਕਰ ਦਿੱਤੀ ਜਾਵੇਗੀ।
ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ
ਚੰਡੀਗੜ੍ਹ (ਟਨਸ): ਪੰਜਾਬ ਕੈਬਨਿਟ ਦੀ ਮੀਟਿੰਗ 6 ਜੁਲਾਈ ਨੂੰ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਦੇ ਏਜੰਡੇ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਮੀਟਿੰਗ ਬਾਅਦ ਦੁਪਹਿਰ 3.30 ਵਜੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਿਲ ਵਿਖੇ ਹੋਵੇਗੀ। ਮੀਟਿੰਗ ਵਿੱਚ 5 ਨਵੇਂ ਮੰਤਰੀ ਵੀ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਮੰਗਲਵਾਰ ਨੂੰ ਸੱਦਣ ਦਾ ਐਲਾਨ ਕੀਤਾ ਗਿਆ ਸੀ ਪਰ ਕਿਸੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।