ਚੰਡੀਗੜ੍ਹ, 9 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਉਤੇ ਸੂਬੇ ਵਿਚ ਕਰੋਨਾ ਪਾਬੰਦੀਆਂ ਤੇ ਰਾਤ ਦਾ ਕਰਫਿਊ ਹਟਾ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਦੋ ਮਹੀਨਿਆਂ ਤੋਂ ਲੱਗੀਆਂ ਪਾਬੰਦੀਆਂ ਸਮਾਪਤ ਹੋ ਗਈਆਂ ਹਨ। ਇਹ ਫੈਸਲਾ ਪਾਜ਼ੇਟਿਵਿਟੀ ਦਰ 0.4 ਫੀਸਦੀ ਤੋਂ ਹੇਠਾਂ ਆਉਣ ਕਾਰਨ ਲਿਆ ਗਿਆ ਹੈ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਜਿਹੜੇ ਆਗੂ ਕਰੋਨਾ ਸਮੇਂ ਦੌਰਾਨ ਵੱਡੇ ਇਕੱਠ ਕਰਦੇ ਹਨ ਉਨ੍ਹਾਂ ਦੇ ਚਲਾਨ ਕੀਤੇ ਜਾਣ। ਇਸ ਦੇ ਨਾਲ ਹੀ ਇਨਡੋਰ ਵਿਚ ਸਮਾਜਿਕ ਸਮਾਗਮਾਂ ਲਈ 100 ਤੇ ਬਾਹਰੀ ਸਮਾਗਮਾਂ ਲਈ 200 ਵਿਅਕਤੀਆਂ ਤਕ ਦੇ ਇਕੱਠੇ ਹੋਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੂਬੇ ਵਿਚ ਬਾਰ, ਸਿਨੇਮਾ ਹਾਲ, ਰੇਸਤਰਾਂ, ਸਪਾ, ਸਵੀਮਿੰਗ ਪੂਲ, ਮਾਲਜ਼, ਮਿਊਜ਼ੀਅਮ, ਚਿੜੀਆ ਘਰ ਤੇ ਸਪੋਰਟਸ ਕੰਪਲੈਕਸ ਖੋਲ੍ਹਣ ਲਈ ਵੀ ਹਾਮੀ ਭਰ ਦਿੱਤੀ ਗਈ ਹੈ। ਇਸ ਦੌਰਾਨ ਸਕੂਲ ਬੰਦ ਰਹਿਣਗੇ ਪਰ ਕਾਲਜ, ਕੋਚਿੰਗ ਸੰਸਥਾਨ ਤੇ ਹੋਰ ਵਿਦਿਅਕ ਸੰਸਥਾਵਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਕਰੋਨਾ ਰੋਕੂ ਟੀਕੇ ਦੀ ਇਕ ਡੋਜ਼ ਜ਼ਰੂਰ ਲੱਗੀ ਹੋਵੇ। ਇਸ ਲਈ ਉਹ ਪ੍ਰਸ਼ਾਸਨ ਕੋਲ ਸਰਟੀਫਿਕੇਟ ਜਮ੍ਹਾਂ ਕਰਵਾਉਣਗੇ-ਪੀਟੀਆਈ