ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਕਰਕੇ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਹਾਲਾਤ ’ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਭਾਰਤ ਸਰਕਾਰ ਪਾਸੋਂ ਟੀਕੇ ਦੀ ਸਪਲਾਈ ਘੱਟ ਹੋਣ ਕਾਰਨ ਸੂਬੇ ਕੋਲ ਟੀਕੇ ਦੀਆਂ ਸਿਰਫ਼ 1.9 ਲੱਖ ਖੁਰਾਕਾਂ ਬਚੀਆਂ ਹਨ। ਇਸ ਸਟਾਕ ਵਿੱਚੋਂ ਇਕ ਲੱਖ ਤੋਂ ਵੱਧ ਖੁਰਾਕਾਂ ਅੱਜ ਵਰਤੇ ਜਾਣ ਦੀ ਉਮੀਦ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 25 ਅਪਰੈਲ ਨੂੰ ਤਕਰੀਬਨ 1.5 ਲੱਖ ਲਾਭਪਾਤਰੀਆਂ ਨੂੰ ਕਰੋਨਾ ਰੋਕੂ ਟੀਕਾ ਲਗਾਇਆ ਗਿਆ ਹੈ। ਕੋਵਿਡ ਟੀਕਾਕਰਨ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਟੀਕਾਕਰਨ ਦਾ ਪ੍ਰਬੰਧ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਦਰ ’ਤੇ ਇਹ ਸਹੂਲਤ ਦਿੱਤੀ ਜਾ ਸਕੇ।