ਸੰਜੀਵ ਬੱਬੀ
ਚਮਕੌਰ ਸਾਹਿਬ, 10 ਸਤੰਬਰ
ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਵਿੱਚ ਖੇਡ ਮੇਲੇ ਕਰਵਾਉਣ ਦੀ ਇਜਾਜ਼ਤ ਦੇਵੇ ਤਾਂ ਜੋ ਕਿ ਨੌਜਵਾਨ ਖਿਡਾਰੀ ਆਪਣੀ ਖੇਡ ਨਾਲ ਜੁੜ ਕੇ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਇੱਥੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਬੱਡੀ ਅਕੈਡਮੀ ਵਿਚ ਅਭਿਆਸ ਕਰ ਰਹੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ ਨੂੰ ਪਿਆਰ ਕਰਨ ਵਾਲੇ ਲੋਕ ਤੇ ਕੋਚ ਆਪਣੇ ਖਿਡਾਰੀਆਂ ਦੀ ਬਿਹਤਰੀ ਲਈ ਦਿਨ-ਰਾਤ ਇੱਕ ਕਰ ਰਹੇ ਹਨ ਤਾਂ ਜੋ ਕਿ ਖਿਡਾਰੀ ਆਪੋ-ਆਪਣੇ ਸੂਬਿਆਂ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਖੇਡ ਮੇਲੇ ਕਰਵਾਉਣ ਦੀ ਇਜਾਜ਼ਤ ਦੇਵੇ ਤਾਂ ਜੋ ਕਿ ਖਿਡਾਰੀਆਂ ਦੇ ਹੌਸਲੇ ਬੁਲੰਦ ਹੋ ਸਕਣ। ਉਨ੍ਹਾਂ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਖੇਡ ਜਗਤ ਵਿੱਚ ਕੁਝ ਦਿਨ ਪਹਿਲਾਂ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਤੇ 28 ਸਾਲਾ ਮਸ਼ਹੂਰ ਕਬੱਡੀ ਖਿਡਾਰੀ ਗੁਰਮੇਜ ਸਿੰਘ ਨੂੰ ਨਸ਼ੇ ਵਿੱਚ ਧੁੱਤ ਮੁਲਾਜ਼ਮਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣ ਪਿਆ। ਇਸ ਮੰਦਭਾਗੀ ਘਟਨਾ ਨੇ ਦੇਸ਼-ਵਿਦੇਸ਼ ਵਿੱਚ ਬੈਠੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ’ਤੇ ਗਹਿਰੀ ਚੋਟ ਮਾਰੀ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਉਕਤ ਖਿਡਾਰੀਆਂ ਦੇ ਪਰਿਵਾਰਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ, ਜਦੋਂ ਕਿ ਕੁਝ ਮੁੱਖ ਮੰਤਰੀ ਅਤੇ ਪੁਲੀਸ ਅਫਸਰਾਂ ਦੀ ਸਿਕਿਓਰਟੀ ਵਿੱਚ ਤਾਇਨਾਤ ਮੁਲਾਜ਼ਮ ਹੀ ਖਿਡਾਰੀਆਂ ਦੀ ਹੱਤਿਆ ਕਰਨ ਵਿੱਚ ਸ਼ਾਮਲ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਜੇਕਰ ਸਰਕਾਰ ਘਟੀਆ ਸ਼ਰਾਬ ਪੀਕੇ ਮਰਨ ਵਾਲੇ ਪਰਿਵਾਰਾਂ ਨੂੰ ਨੌਕਰੀ ਤੇ ਮਾਲੀ ਸਹਾਇਤਾ ਦੇ ਸਕਦੀ ਹੈ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋ ਬਚਾਉਣ ਲਈ ਉਪਰਾਲੇ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਦੀ ਕੀਤੀ ਹੱਤਿਆ ’ਤੇ ਘੱਟੋ-ਘੱਟ 15 ਲੱਖ ਦੀ ਮਾਲੀ ਮੱਦਦ ਨਹੀਂ ਕਰ ਸਕਦੀ ਸਰਕਾਰ। ਇਸ ਤੋਂ ਬਾਅਦ ਸ੍ਰੀ ਬਾਜਵਾ ਦਾ ਕਬੱਡੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਜਸਪਾਲ ਸਿੰਘ ਦਿਓਲ, ਕੋਚ ਦਵਿੰਦਰ ਸਿੰਘ, ਕੁਲਵੀਰ ਸਿੰਘ ਸ਼ਾਹੀ, ਜਸਜੀਤ ਸਿੰਘ ਕਾਲੂ, ਨਰਪਿੰਦਰ ਸਿੰਘ, ਆੜ੍ਹਤੀ ਕੁਲਵਿੰਦਰ ਸਿੰਘ, ਫੌਜ਼ੀ ਹਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।