ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ‘ਇਕਨਾਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ’ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਪੁਰਾਣੇ ‘ਪੰਜਾਬ ਰਾਜ ਯੋਜਨਾ ਬੋਰਡ’ ਦੀ ਥਾਂ ਲਵੇਗਾ| ‘ਆਪ’ ਸਰਕਾਰ ਵੱਲੋਂ ਯੋਜਨਾ ਬੋਰਡ ਦੇ ਨਾਮ ਵਿਚ ਤਬਦੀਲੀ ਕਰ ਦਿੱਤੀ ਗਈ ਹੈ ਅਤੇ ਨਵੇਂ ਨੋਟੀਫ਼ਿਕੇਸ਼ਨ ’ਚ ‘ਇਕਨਾਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ’ ਦੀ ਬਣਤਰ ਅਤੇ ਕੰਮਾਂ ਬਾਰੇ ਵਿਸਥਾਰ ਦਿੱਤਾ ਗਿਆ ਹੈ| ਪੰਜਾਬ ਇਸ ਸਮੇਂ ਜਿਸ ਤਰ੍ਹਾਂ ਦੇ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ, ਉਸ ਲਈ ਯੋਜਨਾਬੱਧ ਨਵਾਂ ਰਸਤਾ ਦਿਖਾਉਣ ਵਾਲੀ ਵਿੱਤੀ ਪਲੈਨਿੰਗ ਦੀ ਲੋੜ ਹੈ| ‘ਆਪ’ ਸਰਕਾਰ ਵੱਲੋਂ ਅਪਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਪੰਜਾਬ ਰਾਜ ਯੋਜਨਾ ਬੋਰਡ ਭੰਗ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੇ ਵਾਈਸ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਸਨ| ਉਨ੍ਹਾਂ ਨੂੰ ਕੈਬਨਿਟ ਦਾ ਦਰਜਾ ਵੀ ਮਿਲਿਆ ਹੋਇਆ ਸੀ|
ਨਵੇਂ ਨੋਟੀਫ਼ਿਕੇਸ਼ਨ ਅਨੁਸਾਰ, ‘ਇਕਨਾਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ’ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਜਦੋਂਕਿ ਵਿੱਤ ਮੰਤਰੀ ਹਰਪਾਲ ਚੀਮਾ ਬੋਰਡ ਦੇ ਵਾਈਸ ਚੇਅਰਮੈਨ ਹੋਣਗੇ| ਗੈਰ-ਸਰਕਾਰੀ ਮਾਹਿਰਾਂ ਵਿੱਚੋਂ ਤਿੰਨ ਵਾਈਸ ਚੇਅਰਮੈਨ ਬਣਾਏ ਜਾਣੇ ਹਨ| ਪੰਜਾਬ ਦੇ ਸਾਰੇ ਵਜ਼ੀਰ ਅਤੇ ਪੰਜਾਬ ਰਾਜ ਦੇ ਸਾਰੇ ਸੰਸਦ ਮੈਂਬਰ ਪਲੈਨਿੰਗ ਬੋਰਡ ਦੇ ਮੈਂਬਰ ਹੋਣਗੇ| ਇਸੇ ਤਰ੍ਹਾਂ ਮੁੱਖ ਸਕੱਤਰ ਪੰਜਾਬ, ਪ੍ਰਮੁੱਖ ਸਕੱਤਰ ਵਿੱਤ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ ਬੋਰਡ ਦੇ ਮੈਂਬਰ ਹੋਣਗੇ| ਸਕੱਤਰ ਪਲੈਨਿੰਗ ਇਸ ਬੋਰਡ ਦੇ ਮੈਂਬਰ ਸਕੱਤਰ ਹੋਣਗੇ| ਯੋਜਨਾ ਬੋਰਡ ਵੱਲੋਂ ਰਾਜ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਨਵੀਆਂ ਨੀਤੀਆਂ ਬਣਾਈਆਂ ਜਾਣਗੀਆਂ ਅਤੇ ਪੁਰਾਣੀਆਂ ਨੀਤੀਆਂ ਵਿੱਚ ਸੋਧਾਂ ਵੀ ਕਰੇਗਾ| ਬੋਰਡ ਵਿਚ ਗੈਰ-ਸਰਕਾਰੀ ਮਾਹਿਰਾਂ ਅਤੇ ਗੈਰ-ਸਰਕਾਰੀ ਮੈਂਬਰਾਂ ਦੀ ਮਿਆਦ ਤਿੰਨ ਵਰ੍ਹਿਆਂ ਦੀ ਹੋਵੇਗੀ| ਪਲੈਨਿੰਗ ਬੋਰਡ ਨਿਰੋਲ ਸਲਾਹਕਾਰੀ ਬਾਡੀ ਵਜੋਂ ਕੰਮ ਕਰੇਗਾ| ਹੁਣ ਦੇਖਣਾ ਹੋਵੇਗਾ ਕਿ ‘ਆਪ’ ਸਰਕਾਰ ਨਵੇਂ ਪਲੈਨਿੰਗ ਬੋਰਡ ਵਿੱਚ ਕਿਸ ਤਰ੍ਹਾਂ ਦੇ ਵਿਜ਼ਨਰੀ ਮਾਹਿਰਾਂ ਦੀ ਸ਼ਮੂਲੀਅਤ ਕਰਾਉਂਦੀ ਹੈ| ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਇਸ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਹੈ| ਪਤਾ ਲੱਗਿਆ ਹੈ ਕਿ ‘ਆਪ’ ਸਰਕਾਰ ਜਲਦੀ ਹੀ ਪਲੈਨਿੰਗ ਬੋਰਡ ਨੂੰ ਕਾਰਜਸ਼ੀਲ ਕਰੇਗੀ|