ਚਰਨਜੀਤ ਭੁੱਲਰ
ਚੰਡੀਗੜ੍ਹ, 12 ਅਕਤੂਬਰ
ਪੰਜਾਬ ਸਰਕਾਰ ਹੁਣ ਰਾਜਪੁਰਾ ਥਰਮਲ ਪਲਾਂਟ ਨੂੰ ਖਰੀਦਣ ਲਈ ਰਾਹ ਖੋਲ੍ਹਣ ਲੱਗੀ ਹੈ। ਪਾਵਰਕੌਮ ਨੇ ਇਸ ਥਰਮਲ ਦੀ ਖਰੀਦ ਲਈ ਤਜਵੀਜ਼ ਦੇ ਮੁਲਾਂਕਣ ਲਈ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਲਾਰਸਨ ਐਂਡ ਟੁਬਰੋ ਕੰਪਨੀ (ਐੱਲ ਐਂਡ ਟੀ) ਨੇ 22 ਜੁਲਾਈ ਨੂੰ ਪੱਤਰ ਲਿਖ ਕੇ ਰਾਜਪੁਰਾ ਥਰਮਲ ਪਲਾਂਟ ਪਾਵਰਕੌਮ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਪਾਵਰਕੌਮ ਦੇ ਚੇਅਰਮੈਨ ਦੀ ਪ੍ਰਵਾਨਗੀ ਨਾਲ 9 ਅਕਤੂਬਰ ਨੂੰ ਪੱਤਰ ਨੰਬਰ 125 ਤਹਿਤ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਚੇਅਰਮੈਨ ਵਰਦੀਪ ਸਿੰਘ ਮੰਡੇਰ ਹੋਣਗੇ ਜੋ ਮੁੱਖ ਇੰਜਨੀਅਰ (ਪਾਵਰ ਪ੍ਰਚੇਜ ਐਂਡ ਰੈਗੂਲੇਸ਼ਨ) ਹਨ। ਕਮੇਟੀ ਵਿਚ ਮੁੱਖ ਆਡਿਟਰ ਹਰਦੀਪ ਸਿੰਘ ਚੌਧਰੀ, ਮੁੱਖ ਇੰਜਨੀਅਰ (ਕਮਰਸ਼ੀਅਲ) ਜੈਇੰਦਰ ਸਿੰਘ ਗਰੇਵਾਲ, ਮੁੱਖ ਇੰਜਨੀਅਰ (ਲਹਿਰਾ ਮੁਹੱਬਤ ਥਰਮਲ) ਅਤੇ ਨਿਗਰਾਨ ਇੰਜਨੀਅਰ (ਟੀਆਰ-2) ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਸੂਤਰ ਆਖਦੇ ਹਨ ਕਿ ਏਡੀ ਵੱਡੀ ਖਰੀਦ ਦੇ ਜਾਇਜ਼ੇ ਲਈ ਮੁੱਖ ਇੰਜਨੀਅਰ ਦੇ ਪੱਧਰ ਦੀ ਕਮੇਟੀ ਹੀ ਬਣਾਈ ਗਈ ਹੈ ਜਿਸ ਤੋਂ ਮੁਢਲੇ ਪੜਾਅ ’ਤੇ ਹੀ ਕਈ ਸ਼ੰਕੇ ਖੜ੍ਹੇ ਹੋਏ ਹਨ। ਮਹਿੰਗੇ ਬਿਜਲੀ ਸਮਝੌਤੇ ਹੋਣ ਕਰਕੇ ਪਹਿਲਾਂ ਹੀ ਲੋਕ ਰੌਲਾ ਪਾ ਰਹੇ ਹਨ ਅਤੇ ਸਰਕਾਰ ਵਾਈਟ ਪੇਪਰ ਵੀ ਤਿਆਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰਾਜਪੁਰਾ ਥਰਮਲ ਦੇ 1400 ਮੈਗਾਵਾਟ ਸਮਰੱਥਾ ਦੇ ਦੋ ਯੂਨਿਟ ਹਨ ਜਿਨ੍ਹਾਂ ਵਿੱਚੋਂ ਪਹਿਲਾ ਯੂਨਿਟ 1 ਫਰਵਰੀ 2014 ਅਤੇ ਦੂਜਾ 10 ਜੁਲਾਈ 2014 ਨੂੰ ਚੱਲਿਆ ਸੀ। ਥਰਮਲ ਨਾਲ 25 ਵਰ੍ਹਿਆਂ ਲਈ ਬਿਜਲੀ ਸਮਝੌਤਾ ਹੋਇਆ ਹੈ। ਇਹ ਥਰਮਲ ਛੇ ਵਰ੍ਹਿਆਂ ਤੋਂ ਚੱਲ ਰਿਹਾ ਹੈ। ਲਾਰਸਨ ਐਂਡ ਟੁਬਰੋ ਕੰਪਨੀ ਦੇ ਡਾਇਰੈਕਟਰ ਕਮ ਵਾਈਸ ਪ੍ਰੈਜ਼ੀਡੈਂਟ (ਵਿਕਾਸ ਪ੍ਰੋਜੈਕਟ) ਡੀਕੇ ਸੇਨ ਨੇ 22 ਜੁਲਾਈ ਨੂੰ ਪਾਵਰਕੌਮ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਰਾਜਪੁਰਾ ਥਰਮਲ ਕਰੀਬ 10 ਹਜ਼ਾਰ ਕਰੋੜ ‘ਚ ਪਾਵਰਕੌਮ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਾਵਰਕੌਮ ਹੁਣ ਤੱਕ ਰਾਜਪੁਰਾ ਥਰਮਲ ਤੋਂ 31 ਮਾਰਚ 2020 ਤੱਕ 21,369 ਕਰੋੜ ਰੁਪਏ ਦੀ ਬਿਜਲੀ ਖ਼ਰੀਦ ਚੁੱਕੀ ਹੈ ਜਿਸ ਵਿਚ 1734 ਕਰੋੜ ਰੁਪਏ ਦੇ ਫਿਕਸਿਡ ਚਾਰਜਿਜ਼ ਵੀ ਸ਼ਾਮਲ ਹਨ। ਸੂਤਰ ਦੱਸਦੇ ਹਨ ਕਿ ਅੰਦਰਖਾਤੇ ਤਾਂ ਕੰਪਨੀ ਕਾਫ਼ੀ ਸਮੇਂ ਤੋਂ ਪੰਜਾਬ ਸਰਕਾਰ ਪਿੱਛੇ ਗੇੜੇ ਕੱਢ ਰਹੀ ਸੀ ਪਰ ਅਖੀਰ ਹੁਣ ਗੱਲ ਰਾਹ ਪਈ ਹੈ।
ਰਿਪੋਰਟ ਦੇਣ ਲਈ ਸਮਾਂਬੱਧ ਨਹੀਂ ਕੀਤਾ : ਮੁੱਖ ਇੰਜਨੀਅਰ
ਪਾਵਰਕੌਮ ਦੇ ਮੁੱਖ ਇੰਜਨੀਅਰ (ਫਿਊਲ) ਅਨਿਲ ਵਿੱਜ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਰਿਪੋਰਟ ਦੇਣ ਲਈ ਕਮੇਟੀ ਨੂੰ ਸਮਾਂ ਬੱਧ ਨਹੀਂ ਕੀਤਾ ਗਿਆ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਹੀ ਪਾਵਰਕੌਮ ਨੇ ਇਹ ਪ੍ਰਕਿਰਿਆ ਅਰੰਭੀ ਹੈ।
ਕੋਲੇ ਦੀ ਘਾਟ ਕਾਰਨ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਬੰਦ
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਕੋਲੇ ਦੀ ਕਮੀ ਦੇ ਚਲਦੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸਥਿਤ ਜੀਵੀਕੇ ਕੰਪਨੀ ਦਾ ਥਰਮਲ ਪਲਾਂਟ ਅੱਜ ਬੰਦ ਹੋ ਗਿਆ। ਪਪਲਾਂਟ ਬੰਦ ਹੋਣ ਨਾਲ ਜ਼ਿਲ੍ਹਾ ਅੰਮ੍ਰਿਤਸਰ, ਕਪੂਰਥਲਾ ਅਤੇ ਫਿਰੋਜ਼ਪੁਰ ਨੂੰ ਮਿਲਣ ਵਾਲੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕੋਲੇ ਦੀ ਘਾਟ ਕਾਰਨ ਥਰਮਲ ਪਲਾਂਟ ਦਾ ਇਕ ਯੂਨਿਟ ਪਹਿਲਾ ਹੀ ਬੰਦ ਹੋ ਚੁੱਕਾ ਸੀ। ਜਦਕਿ ਦੂਜਾ ਯੂਨਿਟ 270 ਮੈਗਾਵਾਟ ਨੂੰ ਚਲਾਉਣ ਲਈ ਕੋਲੇ ਦੀ ਕਮੀ ਮਹਿਸੂਸ ਹੋ ਰਹੀ ਸੀ। ਇਹ ਥਰਮਲ ਪਲਾਂਟ ਆਖਰੀ ਵੇਲੇ ਤਕ ਕੇਵਲ 148 ਮੈਗਾਵਾਟ ਬਿਜਲੀ ਤਿਆਰ ਕਰ ਰਿਹਾ ਸੀ। ਥਰਮਲ ਪਲਾਂਟ ਨੂੰ ਚਲਾਉਣ ਲਈ ਕੋਲੇ ਦੀ ਜ਼ਰੂਰਤ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਕਾਰਨ ਅਧਿਕਾਰੀਆਂ ਵੱਲੋਂ ਪਲਾਂਟ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜੀਵੀਕੇ ਕੰਪਨੀ ਦੇ ਐਚਆਰ ਵਿਭਾਗ ਦੇ ਅਧਿਕਾਰੀ ਕਮਲ ਮਹਿਤਾ ਨੇ ਦੱਸਿਆ ਕਿ ਥਰਮਲ ਪਲਾਂਟ ਬੰਦ ਹੋਣ ਬਾਬਤ ਕੋਈ ਵੀ ਅਧਕਾਰਿਤ ਜਾਣਕਾਰੀ ਨਹੀਂ ਦੇ ਸਕਦੇ। ਇਸ ਬਾਬਤ ਜਾਣਕਾਰੀ ਕੇਵਲ ਹੈਦਰਾਬਾਦ ਦਫ਼ਤਰ ਤੋਂ ਹੀ ਮਿਲ ਸਕਦੀ ਹੈ।
ਬਣਾਂਵਾਲਾ ਥਰਮਲ ਪਲਾਂਟ ਦੀ ਭਾਫ਼ ਹੋਈ ਬੰਦ
ਮਾਨਸਾ (ਜੋਗਿੰਦਰ ਸਿੰਘ ਮਾਨ): ਇੱਥੋਂ ਨੇੜੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਵਿੱਚ ਕੋਲੇ ਦਾ ਸਟਾਕ ਬਹੁਤ ਹੀ ਘੱਟ ਹੋਣ ਕਾਰਨ ਹੁਣ ਪਹਿਲੇ ਯੂਨਿਟ ਤੋਂ ਬਾਅਦ ਦੂਜੇ ਯੂਨਿਟ ਦੀ ਭਾਫ਼ ਵੀ ਬੰਦ ਹੋ ਗਈ ਹੈ। ਵੇਦਾਂਤਾ ਕੰਪਨੀ ਵੱਲੋਂ ਲਾਏ ਗਏ ਇਸ ਪਲਾਂਟ ਵਿੱਚ ਇਸ ਵੇਲੇ ਸਿਰਫ਼ ਇੱਕ ਦਿਨ ਦਾ ਕੋਲਾ ਬਾਕੀ ਰਹਿ ਗਿਆ ਦੱਸਿਆ ਜਾਂਦਾ ਹੈ ਅਤੇ ਕਿਸੇ ਸਮੇਂ ਵੀ ਤੀਜੇ ਯੂਨਿਟ ਦੇ ਬੰਦ ਹੋਣ ਦਾ ‘ਘੁੱਗੂ’ ਵੱਜ ਸਕਦਾ ਹੈ। ਇਹ ਤਾਪ ਘਰ 1980 ਮੈਗਾਵਾਟ ਦੀ ਸਮਰੱਥਾ ਰੱਖਦਾ ਹੈ। ਬਣਾਂਵਾਲਾ ਤਾਪ ਘਰ ਦੇ ਉਚ ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡੀ ਸਿਰਦਰਦੀ ਕੋਲੇ ਦੇ ਖ਼ਤਮ ਹੋ ਰਹੇ ਸਟਾਕ ਤੋਂ ਹੋਣ ਲੱਗੀ ਹੈ। ਉਨ੍ਹਾਂ ਮੰਨਿਆ ਕਿ ਤਾਪ ਘਰ ਦਾ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ, ਜਦੋਂ ਕਿ ਤੀਸਰਾ ਯੂਨਿਟ ਕਿਸੇ ਵੇਲੇ ਵੀ ਖੜ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਤੀਸਰੇ ਯੂਨਿਟ ਨੂੰ ਚਲਾਉਣ ਲਈ ਕੋਇਲੇ ਦੇ ਭੰਡਾਰ ‘ਚੋਂ ਜੇਸੀਬੀ ਮਸ਼ੀਨ ਚਲਾ ਕੇ ਕੋਇਲਾ ਇਕੱਠਾ ਕੀਤਾ ਜਾ ਰਿਹਾ ਹੈ।