ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਈ
ਪੰਜਾਬ ਤੋਂ ਦਿੱਲੀ ਦੇ ਹਵਾਈ ਅੱਡੇ ਲਈ ਲੰਬੇ ਸਮੇਂ ਤੋਂ ਬੰਦ ਕੀਤੀਆਂ ਸਰਕਾਰੀ ਬੱਸਾਂ ਨੂੰ ਹੁਣ ਛੇਤੀ ਚਾਲੂ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਮੈਨੇਜਿੰਗ ਡਾਇਰੈਕਟਰ ਪਨਬੱਸ ਚੰਡੀਗੜ੍ਹ ਵੱਲੋਂ ਵੱਖ ਵੱਖ ਡਿੱਪੂ ਮੈਨੇਜਰਾਂ ਨੂੰ ਦਿੱਲੀ ਹਵਾਈ ਅੱਡੇ ਲਈ ਬੱਸਾਂ ਚਲਾਉਣ ਸਬੰਧੀ ਵਿਸ਼ੇਸ਼ ਸਰਟੀਫਿਕੇਟ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਹ ਹਦਾਇਤ ਚੰਡੀਗੜ੍ਹ, ਰੂਪ ਨਗਰ, ਜਲੰਧਰ-1, ਲੁਧਿਆਣਾ, ਅੰਮ੍ਰਿਤਸਰ-1, ਅੰਮ੍ਰਿਤਸਰ-2, ਪਠਾਨਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿੱਪੂ ਮੈਨੇਜਰਾਂ ਨੂੰ ਪੱਤਰ ਲਿਖ ਕੇ ਕੀਤੀ ਗਈ ਹੈ। ਪੱਤਰ ਵਿੱਚ ਆਦੇਸ਼ ਦਿੱਤੇ ਗਏ ਹਨ ਕਿ ਨੇੜਲੇ ਭਵਿੱਖ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ। ਪੱਤਰ ਵਿੱਚ ਇਹ ਯਕੀਨੀ ਬਣਾਉਣ ਲਈ ਵੀ ਲਿਖਿਆ ਗਿਆ ਹੈ ਕਿ ਜਿਹੜੀ ਵੀ ਬੱਸ ਦਿੱਲੀ ਹਵਾਈ ਅੱਡੇ ’ਤੇ ਭੇਜੀ ਜਾਵੇ, ਉਸ ਦਾ ਟਾਈਮ ਉਡਾਣਾਂ ਦੇ ਨਾਲ ਮੇਲ ਖਾਂਦਾ ਹੋਵੇ ਅਤੇ ਬੱਸ ਤਕਨੀਕੀ ਪੱਖੋਂ ਬਿਲਕੁਲ ਠੀਕ ਹੋਵੇ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਬੱਸ ਦਾ ਰੋਡ ਟੈਸਟ ਵੀ ਲਿਆ ਜਾਵੇ ਅਤੇ ਬੱਸਾਂ ਦੀ ਦਿੱਖ ਅੰਦਰੋਂ ਤੇ ਬਾਹਰੋਂ ਠੀਕ ਹੋਵੇ, ਜਦੋਂਕਿ ਬੱਸਾਂ ਦੀ ਸਾਫ਼-ਸਫ਼ਾਈ ਵਧੀਆ ਤਰੀਕੇ ਨਾਲ ਹੋਵੇ।
ਸਕੱਤਰ ਟਰਾਂਸਪੋਰਟ ਵੱਲੋਂ ਡਿੱਪੂ ਮੈਨੇਜਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੇਵਾ ਉਪਲਬੱਧ ਕਰਵਾਉਣ ਦੀ ਸੂਰਤ ਵਿੱਚ ਕਿਰਾਇਆ ਨਿਯਮਾਂ ਮੁਤਾਬਕ ਹੀ ਲਿਆ ਜਾਵੇ। ਇਸ ਸਬੰਧੀ ਸਾਰੇ ਡਿੱਪੂ ਮੈਨੇਜਰਾਂ ਨੇ ਆਪਣੇ ਸਰਟੀਫਿਕੇਟ ਮੈਨੇਜਿੰਗ ਡਾਇਰੈਕਟਰ ਪਨਬੱਸ ਚੰਡੀਗੜ੍ਹ ਕੋਲ ਪਹੁੰਚਾ ਦਿੱਤੇ ਹਨ।