ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਮਾਰਚ
ਡਰੱਗ ਮਾਮਲੇ ਵਿਚ ਜੇਲ੍ਹ ’ਚ ਬੰਦ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ’ਤੇ ਪੰਜਾਬ ਸਰਕਾਰ ਮਿਹਰਬਾਨ ਹੈ। ਨਿਯਮਾਂ ਅਨੁਸਾਰ ਜੇਲ੍ਹ ਵਿੱਚ ਬੰਦ ਕਿਸੇ ਕੈਦੀ ਲਈ ਹਫ਼ਤੇ ਵਿੱਚ ਇਕ ਤੇ ਹਵਾਲਾਤੀ ਲਈ ਦੋ ਮੁਲਾਕਾਤਾਂ ਦੀ ਵਿਵਸਥਾ ਹੈ ਪਰ ਮਜੀਠੀਆ ਦੇ ਮਾਮਲੇ ਵਿੱਚ ਨਿਯਮਾਂ ’ਚ ਕਥਿਤ ਢਿੱਲ ਦਿੱਤੀ ਜਾ ਰਹੀ ਹੈ। ਸ੍ਰੀ ਮਜੀਠੀਆ ਨੂੰ ਚੌਵੀ ਫਰਵਰੀ ਨੂੰ ਰਾਤੀਂ ਜੇਲ੍ਹ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਅਗਲੇ ਹੀ ਦਿਨ 25 ਫਰਵਰੀ ਨੂੰ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਦੋ ਹੋਰ ਆਗੂਆਂ ਨੇ ਮੁਲਾਕਾਤ ਕੀਤੀ। ਫਿਰ 26 ਤੇ 27 ਫਰਵਰੀ ਦੀ ਛੁੱਟੀ ਹੋਣ ਕਰਕੇ ਕੋਈ ਮੁਲਾਕਾਤ ਨਹੀਂ ਹੋਈ ਪ੍ਰੰਤੂ 28 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਦਲਜੀਤ ਸਿੰਘ ਚੀਮਾ ਨੇ ਸ੍ਰੀ ਮਜੀਠੀਆ ਨਾਲ ਮੁਲਾਕਾਤ ਕੀਤੀ। ਉਪਰੰਤ ਪਹਿਲੀ ਮਾਰਚ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਮਜੀਠੀਆ ਨਾਲ ਮੁਲਾਕਾਤ ਕੀਤੀ, ਜਦਕਿ ਅੱਜ 2 ਮਾਰਚ ਨੂੰ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਤਿੰਨ ਜਣਿਆਂ ਨੇ ਮੁਲਾਕਾਤ ਕੀਤੀ।
ਕਾਨੂੰਨੀ ਦਾਇਰੇ ਵਿੱਚ ਕਰਵਾਈਆਂ ਮੁਲਾਕਾਤਾਂ: ਜੇਲ੍ਹ ਅਧਿਕਾਰੀ
ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕੈਦੀ ਲਈ ਹਫਤੇ ਵਿੱਚ ਇਕ ਤੇ ਹਵਾਲਾਤੀ ਲਈ ਦੋ ਮੁਲਾਕਾਤਾਂ ਦੀ ਹੀ ਵਿਵਸਥਾ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਸ੍ਰੀ ਮਜੀਠੀਆ ਦੀਆਂ ਇਸ ਜਾਰੀ ਹਫ਼ਤੇ ਵਿੱਚ ਤਿੰਨ ਦਿਨ ਮੁਲਾਕਾਤ ਹੋਣ ਦੀ ਗੱਲ ਵੀ ਸਵੀਕਾਰੀ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤਾਂ ਮੁਕੰਮਲ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਹਰੇਕ ਜੇਲ੍ਹ ਦੇ ਸੁਪਰਡੈਂਟ ਕੋਲ ਕਿਸੇ ਵੀ ਕੈਦੀ ਜਾਂ ਹਵਾਲਾਤੀ ਦੀ ਹਫ਼ਤੇ ਵਿੱਚ ਦੋ ਵਾਰ ਤੋਂ ਵੱਧ ਮੁਲਾਕਾਤਾਂ ਕਰਵਾਏ ਜਾਣ ਦਾ ਕਾਨੂੰਨੀ ਅਧਿਕਾਰ ਹੋਣ ਦਾ ਦਾਅਵਾ ਕੀਤਾ।