ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਸਤੰਬਰ
ਸਾਬਕਾ ਸਿੱਖਿਆ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਰੋਨਾਵਾਇਰਸ ਦੇ ਕਹਿਰ ਨੂੰ ਠੱਲ੍ਹਣ ਲਈ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਫ਼ਤਾਵਾਰੀ ਲੌਕਡਾਊਨ ਅਤੇ ਰੋਜ਼ਾਨਾ ਸ਼ਾਮ ਨੂੰ 7 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਉਣ ਦੇ ਹੁਕਮ ਗ਼ੈਰਵਾਜਬ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੋਂ ਰੁਜ਼ਗਾਰ ਖੁੱਸ ਗਏ ਹਨ।
ਸ੍ਰੀ ਮਲੂਕਾ ਨੇ ਕਿਹਾ ਕਿ ਜਿੱਥੇ ਸੂਬੇ ਦੇ ਲੋਕ ਕਰੋਨਾ ਕਾਰਨ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਦਰਦ ਸੁਣਨ ਲਈ ਆਪਣੇ ਘਰ ਅਤੇ ਦਫ਼ਤਰ ਦੇ ਬੂਹੇ ਭੇੜ ਲਏ ਹਨ। ਇਹੀ ਨਹੀਂ ਪੰਜਾਬ ਸਿਵਲ ਸਕੱਤਰੇਤ ਅਤੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਮਿਲ ਰਹੇ ਹਨ। ਜੇ ਕੋਈ ਪੀੜਤ ਆਪਣੀ ਸ਼ਿਕਾਇਤ ਜਾਂ ਮੰਗ ਪੱਤਰ ਲੈ ਕੇ ਦਫ਼ਤਰ ਪਹੁੰਚਦਾ ਹੈ ਤਾਂ ਅਧਿਕਾਰੀ ਸਬੰਧਤ ਨੂੰ ਆਪਣੇ ਪੀਏ ਨੂੰ ਮਿਲਣ ਲਈ ਕਹਿ ਕੇ ਮੋੜ ਦਿੰਦੇ ਹਨ।
ਜ਼ਹਿਰੀਲੀ ਸ਼ਰਾਬ ਮਾਮਲੇ ਬਾਰੇ ਸ੍ਰੀ ਮਲੂਕਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਮੁੱਖ ਮੰਤਰੀ ਨੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ। ਇੰਜ ਹੀ ਸਰਕਾਰ ਦਲਿਤ ਬੱਚਿਆਂ ਦੀ ਵਜ਼ੀਫ਼ਾ ਸਕੀਮ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਤੋਂ ਭੱਜ ਰਹੀ ਹੈ। ਸ੍ਰੀ ਮਲੂਕਾ ਨੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਵਿਰੋਧੀ ਧਿਰਾਂ ਅਤੇ ਆਮ ਲੋਕਾਂ ਤੋਂ ਇਨਸਾਫ਼ ਪ੍ਰਾਪਤੀ ਲਈ ਰੋਸ ਮੁਜ਼ਾਹਰੇ, ਧਰਨੇ ਅਤੇ ਰੈਲੀਆਂ ਕਰਨ ’ਤੇ ਪਾਬੰਦੀਆਂ ਲਗਾ ਕੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ।
‘ਮਨ ਕੀ ਬਾਤ’ ਨੂੰ ਨਕਾਰਨ ਬਾਰੇ ਸ੍ਰੀ ਮਲੂਕਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਪ੍ਰੋਗਰਾਮ ਦੇਖਿਆ ਨਹੀਂ ਪਰ ਜੇ ਅਜਿਹਾ ਹੋਇਆ ਹੈ ਤਾਂ ਸਰਕਾਰ ਨੂੰ ਇਸ ਪਹਿਲੂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।