ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਰਹਿੰਦੀਆਂ ਉਹ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ 15 ਜੁਲਾਈ ਤੋਂ ਬਾਅਦ ਕਰਵਾਉਣ ਦਾ ਐਲਾਨ ਕੀਤਾ ਸੀ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਰਾਜ ਸਰਕਾਰ ਨੇ 12ਵੀਂ ਜਮਾਤ ਦੀਆਂ ਸਾਰੀਆਂ ਰਹਿੰਦੀਆਂ ਪ੍ਰੀਖਿਆਵਾਂ, ਓਪਨ ਸਕੂਲ, ਰੀ-ਅਪੀਅਰ ਅਤੇ ਗੋਲਡਨ ਚਾਂਸ ਵਾਲੇ ਵਿਦਿਆਰਥੀਆਂ ਸਮੇਤ ਕਈ ਹੋਰ ਸ਼੍ਰੇਣੀਆਂ ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਦਰਪੇਸ਼ ਚੁਣੌਤੀਆਂ ਕਾਰਨ ਨੇੜਲੇ ਭਵਿੱਖ ’ਚ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਸ਼ਿਆਂ ਦੇ ਆਧਾਰ ’ਤੇ ਨਤੀਜਾ ਐਲਾਨਿਆ ਜਾਵੇਗਾ ਕਿਉਂਕਿ ਕੁਝ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਸਕੂਲ ਬੋਰਡ ਲੈ ਚੁੱਕਾ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ ਡਿਵੀਜ਼ਨ ਵਿੱਚ ਸੁਧਾਰ ਕਰਨ ਜਾਂ ਰੀ-ਅਪੀਅਰ ਲਈ ਮੌਕਾ ਹੈ, ਉਹ ਸਿਰਫ਼ ਇੱਕ ਪੇਪਰ ਜੋ ਨਹੀਂ ਹੋਇਆ ਲਈ ਫ਼ੀਸ ਜਮ੍ਹਾਂ ਕਰਵਾਉਣਗੇ ਅਤੇ ਉਨ੍ਹਾਂ ਨੂੰ ਬਿਨਾਂ ਵਾਧੂ ਫੀਸ ਦਿੱਤੇ ਭਵਿੱਖ ਵਿੱਚ ਪ੍ਰੀਖਿਆ ਦੇਣ ਲਈ ਵਾਧੂ ਮੌਕਾ ਦਿੱਤਾ ਜਾਵੇਗਾ। ਹਾਲਤ ਸੁਧਰਨ ਮਗਰੋਂ ਵੱਖਰੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ।
ਪੰਜਾਬ ਕੇਂਦਰੀ ਯੂਨੀਵਰਸਿਟੀ ਦੀਆਂ ਆਨਲਾਈਨ ਪ੍ਰੀਖਿਆਵਾਂ ਰੱਦ
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਦੀ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣਾ ਆਨਲਾਈਨ ਪ੍ਰਸ਼ਨ ਬੈਂਕ ਹੈਕਰਾਂ ਦੇ ਹੱਥਾਂ ਵਿੱਚ ਪੈਣ ਮਗਰੋਂ 13 ਵਿਸ਼ਿਆਂ ਲਈ ਰੱਖੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਕੋਵਿਡ-19 ਦੇ ਮੱਦੇਨਜ਼ਰ ਕੇਂਦਰੀ ’ਵਰਸਿਟੀ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਮੌਜੂਦਾ ਵਿਦਿਅਕ ਸੈਸ਼ਨ ਦੀ ਪ੍ਰੀਖਿਆਵਾਂ ਆਨਲਾਈਨ ਲੈਣ ਦਾ ਫੈਸਲਾ ਕੀਤਾ ਸੀ, ਪਰ ਹੈਕਰਾਂ ਨੇ ਵਰਸਿਟੀ ਵੱਲੋਂ ਆਨਲਾਈਨ ਪ੍ਰੀਖਿਆ ਲਈ ਵਰਤੇ ਜਾਂਦੇ ਸਾਈਬਰ ਸੁਰੱਖਿਆ ਸਿਸਟਮ ’ਚ ਸੰਨ੍ਹ ਲਾਉਂਦਿਆਂ ਪ੍ਰਸ਼ਨ ਬੈਂਕ ਤਕ ਰਾਬਤਾ ਸਥਾਪਤ ਕਰ ਲਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਆਰ.ਕੇ.ਕੋਹਲੀ ਨੇ ਕਿਹਾ, ‘ਸਾਈਬਰ ਸੁਰੱਖਿਆ ਨਾਲ ਸਮਝੌਤੇ ਮਗਰੋਂ 13 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਹਨ। ਅਸੀਂ ਫੈਕਲਟੀ ਮੈਂਬਰਾਂ ਨੂੰ ਇਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆ ਤਰੀਕਾਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਲਈ ਆਖ ਦਿੱਤਾ ਹੈ।’