ਖੇਤਰੀ ਪ੍ਰਤੀਨਿਧ
ਪਟਿਆਲਾ, 19 ਸਤੰਬਰ
ਪੰਜਾਬ ਦੇ ਵਿਗੜੇ ਵਿੱਤੀ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰੀ ਬਿਜਲੀ ਮੰਤਰੀ ਆਰਕੇ ਸਿੰਘ ਨੇ ਆਖਿਆ ਕਿ ਇਸ ਸਥਿਤੀ ਲਈ ਰਾਜ ਸਰਕਾਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ 81 ਹਜ਼ਾਰ ਕਰੋੜ ਸਾਲਾਨਾ ਆਮਦਨੀ ਦੇ ਮੁਕਾਬਲੇ 85 ਹਜ਼ਾਰ ਕਰੋੜ ਦੇ ਖਰਚੇ ਹਨ ਤੇ ਹੁਣ ਤਾਂ ਕਰਜ਼ੇ ਤੋਂ ਵੀ ਜਵਾਬ ਮਿਲਣ ਲੱਗਾ ਹੈ। ਮੁਫਤ ਬਿਜਲੀ ਦੀ ਸਵਿਧਾ ’ਤੇ ਕੇਂਦਰ ਸਰਕਾਰ ਨੂੰ ਇਤਰਾਜ਼ ਨਾ ਹੋਣ ਦੀ ਗੱਲ ਆਖਦਿਆਂ, ਮੰਤਰੀ ਨੇ ਕਿਹਾ ਕਿ ਖੁਦ ਕਰਜ਼ਾ ਲੈ ਕੇ ਅੱਗੇ ਮੁਫਤ ’ਚ ਬਿਜਲੀ ਦੇਣ ਦੀ ਕਾਰਵਾਈ ਨੂੰ ਕੋਈ ਵੀ ਸਿਆਣਪਭਰਿਆ ਕਦਮ ਨਹੀਂ ਏ। ਕਿਉਂਕਿ ਇਹ ਪਹਿਲੀ ਸੱਤਾ ਹਥਿਆਉਣ ਲਈ ਵਰਤਿਆ ਜਾਣ ਵਾਲ਼ਾ ਹਥਿਆਰ ਨਜ਼ਰ ਆਉਂਦਾ ਹੈ। ਉਹ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।