ਚਰਨਜੀਤ ਭੁੱਲਰ
ਚੰਡੀਗੜ੍ਹ, 31 ਅਕਤੂਬਰ
ਪੰਜਾਬ ਸਰਕਾਰ ਹੁਣ ਸੂਬੇ ’ਚੋਂ ‘ਵਗਾਰ ਕਲਚਰ’ ਨੂੰ ਖਤਮ ਕਰਨ ਦੇ ਰਾਹ ਪੈ ਗਈ ਹੈ। ਮਾਲ ਤੇ ਮੁੜ-ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਸੂਬੇ ਭਰ ਦੇ ਮਾਲ ਅਫ਼ਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਪੰਜਾਬ ’ਚ ਕਿਸੇ ਤਰ੍ਹਾਂ ਦਾ ‘ਵਗਾਰ ਕਲਚਰ’ ਹੁਣ ਨਹੀਂ ਚੱਲੇਗਾ। ਸ੍ਰੀ ਜਿੰਪਾ ਨੇ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ‘ਵਗਾਰ ਕਲਚਰ’ ’ਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਯਾਦ ਰਹੇ ਕਿ ਪੰਜਾਬ ਵਿੱਚ ਵੀਆਈਪੀਜ਼ ਦੀ ਆਮਦ ਮੌਕੇ ਪ੍ਰਾਹੁਣਚਾਰੀ ਦੀ ਸਾਰੀ ਜ਼ਿੰਮੇਵਾਰੀ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਸਿਰ ਪੈਂਦੀ ਹੈ। ਅੱਗਿਓਂ ਮਾਲ ਅਧਿਕਾਰੀ ਇਸ ਖਰਚੇ ਦੀ ਪੂਰਤੀ ਹਿੱਤ ਹੇਠਲੇ ਮੁਲਾਜ਼ਮਾਂ ਨੂੰ ਵਗਾਰਾਂ ਪਾ ਦਿੰਦੇ ਹਨ। ਇੱਥੋਂ ਤੱਕ ਕੇ ਕਈ ਸਰਕਾਰੀ ਸਮਾਗਮਾਂ ਮੌਕੇ ਵੀ ਵਗਾਰ ਨਾਲ ਕੰਮ ਚਲਾਇਆ ਜਾਂਦਾ ਹੈ। ਮਾਲ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੌਲਰੈਂਸ ਨੀਤੀ ਹੈ ਅਤੇ ਇਸੇ ਤਹਿਤ ਵਗਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮਾਲ ਮੰਤਰੀ ਜਿੰਪਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਖੁਦ ਸਰਕਟ ਹਾਊਸ ਵਿੱਚ ਠਹਿਰਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਜ਼ਿਲ੍ਹਾ ਪੱਧਰ ’ਤੇ ਮਾਲ ਅਫਸਰਾਂ ਨੂੰ ਵਗਾਰ ਪਾਈ ਜਾਂਦੀ ਹੈ, ਪਰ ਹੁਣ ਉਹ ਅਜਿਹਾ ਕੋਈ ਵੀ ਵਰਤਾਰਾ ਸਹਿਣ ਨਹੀਂ ਕਰਨਗੇ। ਜਿੰਪਾ ਨੇ ਕਿਹਾ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਤੇ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਵੀ ਪਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਤਹਿਸੀਲਾਂ ਵਿੱਚ 65 ਫੀਸਦ ਤੱਕ ਭ੍ਰਿਸ਼ਟਾਚਾਰ ਖਤਮ ਹੋਣ ਦੇ ਨਤੀਜੇ ਸਾਹਮਣੇ ਆਏ ਹਨ, ਪਰ ਬਾਕੀ 35 ਫੀਸਦ ਦਾ ਸਫਾਇਆ ਹੋਣਾ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਤਹਿਸੀਲਾਂ ਦਾ ਦੌਰਾ ਕਰ ਕੇ ਲੋਕਾਂ ਦੀ ਪ੍ਰਤੀਕਿਰਿਆ ਦਰਜ ਕਰਦੇ ਹਨ ਅਤੇ ਗੁਪਤ ਤੌਰ ’ਤੇ ਵੀ ਇਸ ਸਬੰਧੀ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨੀਂ ਲੁਧਿਆਣਾ ਦੀ ਤਹਿਸੀਲ ਵਿੱਚ ਦੌਰਾ ਕਰ ਕੇ ਆਏ ਹਨ ਅਤੇ ਲੋਕ ਖ਼ੁਦ ਵੀ ਉਨ੍ਹਾਂ ਨੂੰ ਫੋਨ ਕਰ ਕੇ ਫੀਡਬੈਕ ਦਿੰਦੇ ਹਨ।
ਸ੍ਰੀ ਜਿੰਪਾ ਨੇ ਕਿਹਾ ਕਿ ਜਿੱਥੇ ਕਿਤੇ ਭ੍ਰਿਸ਼ਟਾਚਾਰ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉੱਥੋਂ ਦੇ ਮਾਲ ਅਫ਼ਸਰ ਦੀ ਤੁਰੰਤ ਬਦਲੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਮੰਨਿਆ ਕਿ ਹਾਲੇ ਤਹਿਸੀਲਾਂ ਵਿੱਚ ਸਭ ਅੱਛਾ ਨਹੀਂ ਹੈ ਅਤੇ ਬਹੁਤੇ ਤਹਿਸੀਲਦਾਰ ਪੁਰਾਣੀ ਆਦਤ ਛੱਡ ਨਹੀਂ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਕਿ ਚੰਗੇ ਅਕਸ ਵਾਲੇ ਮਾਲ ਅਫ਼ਸਰਾਂ ਨੂੰ ਅੱਗੇ ਲਿਆਂਦਾ ਜਾਵੇ। ਮਾਲ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ ਕਰੀਬ ਇੱਕ ਹਜ਼ਾਰ ਤੋਂ ਜ਼ਿਆਦਾ ਪਟਵਾਰੀਆਂ ਦੀ ਕਮੀ ਹੈ ਅਤੇ ਉਹ ਜਲਦੀ ਹੀ ਨਵੇਂ ਪਟਵਾਰੀ ਭਰਤੀ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿੱਤ ਮਹਿਕਮੇ ਨੇ ਅੱਜ ਹੀ ਪਟਵਾਰੀਆਂ ਦੀਆਂ 710 ਆਸਾਮੀਆਂ ਲਈ ਪ੍ਰਵਾਨਗੀ ਦਿੱਤੀ ਹੈ। ਸ੍ਰੀ ਜਿੰਪਾ ਨੇ ਦਾਅਵਾ ਕੀਤਾ ਕਿ ਲੰਘੇ ਸੱਤ ਮਹੀਨਿਆਂ ਵਿੱਚ ਮਾਲ ਵਿਭਾਗ ਦੀ ਆਮਦਨੀ ਵਿੱਚ ਲਗਪਗ 25 ਫੀਸਦ ਦਾ ਵਾਧਾ ਹੋਇਆ ਹੈ।
500 ਰੁਪਏ ਤੱਕ ਦੇ ਅਸ਼ਟਾਮ ਆਨਲਾਈਨ ਮਿਲਣਗੇ
ਮਾਲ ਮੰਤਰੀ ਨੇ ਦੱਸਿਆ ਕਿ ਜਿਵੇਂ ਈ-ਅਸ਼ਟਾਮ ਸ਼ੁਰੂ ਕੀਤਾ ਗਿਆ ਹੈ, ਉਸੇ ਤਰ੍ਹਾਂ ਜਲਦੀ ਹੀ 500 ਰੁਪਏ ਤੱਕ ਦਾ ਅਸ਼ਟਾਮ ਆਮ ਲੋਕਾਂ ਨੂੰ ਆਨਲਾਈਨ ਪ੍ਰਾਪਤ ਹੋ ਸਕੇਗਾ। ਲੋਕਾਂ ਨੂੰ 500 ਰੁਪਏ ਤੱਕ ਦਾ ਅਸ਼ਟਾਮ ਲੈਣ ਲਈ ਦਫ਼ਤਰਾਂ ਜਾਂ ਕਚਹਿਰੀਆਂ ਵਿੱਚ ਨਹੀਂ ਜਾਣਾ ਪਵੇਗਾ, ਸਗੋਂ ਕੋਈ ਵੀ ਵਿਅਕਤੀ ਆਨਲਾਈਨ ਅਦਾਇਗੀ ਕਰ ਕੇ ਮਹਿਕਮੇ ਦੇ ਪੋਰਟਲ ਤੋਂ ਅਸ਼ਟਾਮ ਹਾਸਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਅਜਿਹੇ ਕਦਮ ਉਠਾ ਰਹੀ ਹੈ।