ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 14 ਜੁਲਾਈ
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਬਰ ਸਿਮਰਨਜੀਤ ਸਿੰਘ ਮਾਨ ਦਾ ਅੱਜ ਰਾਜਪੁਰਾ ਪੁੱਜਣ ‘ਤੇ ਵਰਕਰਾਂ ਵੱਲੋਂ ਪਾਰਟੀ ਦੇ ਸਰਕਲ ਪ੍ਰਧਾਨ ਜਗਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਮਾਨ 18 ਜੁਲਾਈ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਵਾਇਆ ਰਾਜਪੁਰਾ ਤੋਂ ਦਿੱਲੀ ਜਾ ਰਹੇ ਸਨ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਹੁਦੇ ਲਈ ਦੋਵੇਂ ਪ੍ਰਮੁੱਖ ਉਮੀਦਵਾਰਾਂ ਨੂੰ ਪੰਜਾਬ ਦੇ ਮਾਮਲਿਆਂ ‘ਤੇ ਸਵਾਲ ਪੁੱਛੇ ਹਨ ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਉਹ 16 ਜੁਲਾਈ ਨੂੰ ਦੋਵੇਂ ਉਮੀਦਵਾਰਾਂ ਨੂੰ ਮਿਲਣਗੇ ਅਤੇ ਆਪਣੇ ਸੁਆਲਾਂ ਦੇ ਜੁਆਬ ਮੰਗਣਗੇ। ਉਨ੍ਹਾਂ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਹੀ ਵੋਟ ਪਾਉਣ ਦਾ ਫੈਸਲਾ ਲਿਆ ਜਾਵੇਗਾ। ਸੂਬਾ ਉਨ੍ਹਾਂ ਸੂਬਾ ਸਰਕਾਰ ਬੁੱਧੀਹੀਣ ਤੇ ਦਿਸ਼ਾਹੀਣ ਦੱਸਦਿਆਂ ਕਿਹਾ ਕਿ ਇਹ ਕੇਵਲ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾ ਸਕਦੇ ਹਨ। ਖ਼ਾਲਿਸਤਾਨ ਬਾਰੇ ਸਵਾਲ ਪੁੱਛਣ ‘ਤੇ ਉਨ੍ਹਾਂ ਆਪਣੀ ਮੁੱਛ ਨੂੰ ਤਾਅ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਜਿੱਤਣ ਨਾਲ ਖ਼ਾਲਿਸਤਾਨ ਦੀ ਮੰਗ ਨੂੰ ਤਾਕਤ ਮਿਲੀ ਹੈ। ਇਸ ਮੌਕੇ ਜਨਰਲ ਸਕੱਤਰ ਪ੍ਰੋਫੈਸਰ ਮੋਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲ਼ਾ, ਹਰਭਜਨ ਸਿੰਘ, ਬਲਕਾਰ ਸਿੰਘ, ਬਲਜਿੰਦਰ ਕੌਰ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।