ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਮਈ
ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਅੱਜ ਇਥੇ ਆਖਿਆ ਕਿ ਪਹਿਲਾਂ ਅਦਾਰੇ ਆਊਟ ਸੋਰਸਿੰਗ ’ਤੇ ਚੱਲਦੇ ਸਨ, ਪਰ ਹੁਣ ਤਾਂ ਪੰਜਾਬ ਸਰਕਾਰ ਵੀ ‘ਆਊਟ ਸੋਰਸਿੰਗ’ ’ਤੇ ਚੱਲਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ ਤੇ ਰਿਮੋਰਟ ਕੰਟਰੋਲ ਵਾਲੀ ਇਸ ਵਿਵਸਥਾ ਨੂੰ ਪੰਜਾਬੀ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਆਪਣੀ ਪਟਿਆਲਾ ਫੇਰੀ ਦੌਰਾਨ ਉਹ ਅੱਜ ਇਥੇ ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ‘ਆਪ’ ’ਤੇ ਸਿਆਸੀ ਕਿੜਾਂ ਕੱਢਣ ਲਈ ਪੁਲੀਸ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਮੰਤਰੀ ਨੇ ਕਿਹਾ ਕਿ ਅਜਿਹਾ ਰੁਝਾਨ ਸਮੁੱਚੇ ਦੇਸ਼ ਲਈ ਘਾਤਕ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਸੂਬਿਆਂ ਦੀ ਪੁਲੀਸ ਫੋਰਸ ਦਰਮਿਆਨ ਟਕਰਾਅ ਕਰਵਾਉਣ ਦੀ ਮਾਰੂ ਰਣਨੀਤੀ ਹੈ। ਭਾਜਪਾ ਆਗੂ ਤੇਜਿੰਦਰਪਾਲ ਬੱਗਾ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਕਿੜ ਕੱਢਣ ਲਈ ਪੁਲੀਸ ਦੀ ਕੀਤੀ ਦੁਰਵਰਤੋਂ ਨਾਲ ‘ਆਪ’ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।
ਇਸੇ ਦੌਰਾਨ ਕੇਂਦਰੀ ਖੇਡ, ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕਰ ਨੇ ਅੱਜ ਇਥੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ 61ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਕੇਂਦਰ ਸਰਕਾਰ ਪੰਜਾਬ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੁੰਦੀ ਹੈ ਪਰ ਇਹ ‘ਰਿਮੋਟ ਕੰਟਰੋਲ’ ਸਰਕਾਰ ਪੰਜਾਬ ਦੇ ਵਿਕਾਸ ਨੂੰ ਛੱਡ ਗਈ ਹੈ।
ਸਮਾਗਮ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ਸਾਰੇ ਰਾਜਾਂ ਤੇ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਖੇਡਾਂ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਐੱਨਆਈਐਸ ਪਟਿਆਲਾ ਵਿੱਚ ਕੇਂਦਰ ਸਰਕਾਰ ਖੇਡਾਂ ਲਈ ਇਨਡੋਰ ਸਟੇਡੀਅਮ ਵਿੱਚ ਟਰੈਕ ਬਣਾਉਣ ਲਈ ਫ਼ੰਡ ਜਾਰੀ ਕਰ ਰਹੀ ਹੈ।
ਰਾਜਪੁਰਾ ਵਿਚ ਨਿੱਘਾ ਸਵਾਗਤ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਅੱਜ ਦਿੱਲੀ ਤੋਂ ਪਟਿਆਲਾ ਜਾਂਦੇ ਹੋਏ ਸਥਾਨਕ ਦੇ ਗਗਨ ਚੌਕ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ, ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਜ਼ਿਲ੍ਹਾ ਆਗੂ ਪਰਦੀਪ ਨੰਦਾ, ਮੰਡਲ ਪ੍ਰਧਾਨ ਵਿਜੈ ਮੈਨਰੋ ਦੀ ਸਾਂਝੀ ਅਗਵਾਈ ਵਿੱਚ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਪਟਿਆਲਾ ਦੀ ਹਿੰਸਕ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਮੁੱਢ ਤੋਂ ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਆਪਸ ਵਿੱਚ ਰਲ-ਮਿਲ ਕੇ ਰਹਿੰਦੇ ਆ ਰਹੇ ਹਨ। ਪਰ ਕੁਝ ਸਿਆਸੀ ਆਗੂਆਂ ਵੱਲੋਂ ਆਪਣੇ ਨਿੱਜੀ ਸਵਾਰਥ ਲਈ ਇਸ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਇਸ ਵਰ੍ਹੇ ਹੋਣ ਵਾਲੀਆਂ ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਸੱਤਾ ਹਾਸਲ ਕਰੇਗੀ। ਇਸ ਮੌਕੇ ਭਾਜਪਾ ਦੇ ਯੂਵਾ ਮੋਰਚਾ ਆਗੂ ਪੈਰੀ ਗੋਇਲ, ਗੋਲਡੀ ਸ਼ਰਮਾ, ਓਪੀ ਪਾਸੀ, ਜਰਨੈਲ ਸਿੰਘ ਹੈਪੀ ਤੇ ਡਾ. ਨੰਦ ਲਾਲ ਵੀ ਮੌਜੂਦ ਸਨ।