ਜਸਵੰਤ ਜੱਸ
ਫਰੀਦਕੋਟ, 14 ਜਨਵਰੀ
ਲੋਕ ਸੰਪਰਕ ਵਿਭਾਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਫੋਟੋ ਵਾਲੇ ਕੈਲੰਡਰ ਅਤੇ ਡਾਇਰੀਆਂ ਨਹੀਂ ਛਾਪ ਸਕਿਆ। ਚੰਨੀ ਪੰਜਾਬ ਦੇ 111 ਦਿਨ ਮੁੱਖ ਮੰਤਰੀ ਰਹੇ ਹਨ ਅਤੇ ਇਸ ਸਮੇਂ ਦਰਮਿਆਨ ਲੋਕ ਸੰਪਰਕ ਵਿਭਾਗ ਨੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਫ਼ੈਸਲਿਆਂ ਨੂੰ ਪ੍ਰਚਾਰਨ ਲਈ ਸੈਂਕੜੇ ਕਰੋੜ ਦੀ ਇਸ਼ਤਿਹਾਰਬਾਜ਼ੀ ਕੀਤੀ ਪਰ ਜ਼ਾਬਤੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰ ਸਾਲ ਛਾਪੀਆਂ ਜਾਂਦੀਆਂ ਡਾਇਰੀਆਂ ਅਤੇ ਕੈਲੰਡਰ ਨਹੀਂ ਛਪ ਸਕੇ, ਜੋ ਚੰਨੀ ਸਰਕਾਰ ਦੇ ਪ੍ਰਚਾਰ ਦਾ ਇੱਕ ਹੋਰ ਵੱਡਾ ਸਾਧਨ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਚੋਣ ਜ਼ਾਬਤੇ ਤੋਂ ਪਹਿਲਾਂ ਡਾਇਰੀਆਂ ਅਤੇ ਕੈਲੰਡਰ ਛਪਵਾਉਣਾ ਚਾਹੁੰਦੇ ਸਨ ਪਰ ਇਹ ਫ਼ੈਸਲਾ ਅਮਲੀ ਰੂਪ ਵਿੱਚ ਲਾਗੂ ਨਹੀਂ ਹੋ ਸਕਿਆ। ਪਿਛਲੇ ਸਾਲ ਪੰਜਾਬ ਸਰਕਾਰ ਨੇ 15 ਹਜ਼ਾਰ ਡਾਇਰੀਆਂ ਅਤੇ 5 ਹਜ਼ਾਰ ਕੈਲੰਡਰ ਛਾਪੇ ਸਨ, ਜਿਸ ਵਿੱਚ ਪੰਜਾਬ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਅੰਕਿਤ ਕੀਤੀਆਂ ਗਈਆਂ ਸਨ। ਇਸ ਵੇਲੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਵਿਭਾਗ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਹੀ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਦੀਆਂ ਪ੍ਰਾਪਤੀਆਂ ਦਰਸਾਉਣ ਵਾਲੀਆਂ ਡਾਇਰੀਆਂ ਤੇ ਕੈਲੰਡਰ ਨਹੀਂ ਛਪ ਸਕੇ। ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਲੋਕ ਸੰਪਰਕ ਵਿਭਾਗ ਜਲਦੀ ਹੀ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਭਾਗਾਂ ਵਿੱਚ ਵੱਡੇ ਪੱਧਰ ’ਤੇ ਬਦਲੀਆਂ ਹੋਣ ਕਾਰਨ ਸਾਲਾਨਾ ਡਾਇਰੀ ਨੂੰ ਨਿਸ਼ਚਿਤ ਸਮੇਂ ਵਿੱਚ ਤਿਆਰ ਨਹੀਂ ਕੀਤਾ ਜਾ ਸਕਿਆ, ਜਿਸ ਕਰਕੇ ਡਾਇਰੀ ਅਜੇ ਤੱਕ ਛਪ ਨਹੀਂ ਸਕੀ। ਉਨ੍ਹਾਂ ਕਿਹਾ ਕਿ ਲੋਕ ਸੰਪਰਕ ਵਿਭਾਗ ਇਸ ਡਾਇਰੀ ਨੂੰ ਹੁਣ ਚੋਣਾਂ ਤੋਂ ਬਾਅਦ ਹੀ ਛਾਪੇਗਾ। ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਾਕੀ ਸਾਰੇ ਅਦਾਰਿਆਂ ਨੇ ਆਪੋ-ਆਪਣੇ ਕੈਲੰਡਰ ਤੇ ਡਾਇਰੀਆਂ ਜਾਰੀ ਕਰ ਦਿੱਤੀਆਂ ਹਨ, ਜਦੋਂਕਿ ਪੰਜਾਬ ਸਰਕਾਰ ਖੁਦ ਦਾ ਕੈਲੰਡਰ ਤੇ ਡਾਇਰੀਆਂ ਜਾਰੀ ਨਹੀਂ ਕਰ ਸਕੀ।