ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਨਵੰਬਰ
ਪੰਜਾਬ ਸਰਕਾਰ ਵੱਲੋਂ ‘ਪੰਜਾਬ ਦਿਵਸ’ ਮੌਕੇ ਅੱਜ ਅਹਿਮ ਫ਼ੈਸਲਾ ਲੈਂਦਿਆਂ ‘ਪੰਜਾਬੀ ਹਫ਼ਤਾ-2020’ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੱਤ ਸਮਾਗਮ ਕਰਵਾਏ ਜਾਣਗੇ ਅਤੇ ਵਿਦਾਇਗੀ ਸਮਾਗਮ ਮੌਕੇ ਸਰਬੋਤਮ ਸਾਹਿਤਕ ਪੁਰਸਕਾਰ ਦਿੱਤਾ ਜਾਵੇਗਾ। ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਮਾਗਮਾਂ ਦੀ ਸ਼ੁਰੂਆਤ ਅੱਜ ਪਟਿਆਲਾ ਵਿੱਚ ‘ਪੰਜਾਬ ਦਿਵਸ’ ਨੂੰ ਸਮਰਪਿਤ ਸਮਾਗਮ ਤੋਂ ਹੋ ਗਈ ਹੈ। ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ 6 ਨਵੰਬਰ ਨੂੰ ਸੁਲਤਾਨਪੁਰ ਲੋਧੀ, 9 ਤੇ 12 ਨਵੰਬਰ ਨੂੰ ਪਟਿਆਲਾ ਦੇ ਭਾਸ਼ਾ ਭਵਨ, 17 ਨਵੰਬਰ ਫ਼ਤਹਿਗੜ੍ਹ ਚੂੜੀਆਂ ਤੇ 23 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿੱਚ ਸਮਾਗਮ ਕਰਵਾਏ ਜਾਣਗੇ। ਵਿਦਾਇਗੀ ਸਮਾਗਮ 27 ਨਵੰਬਰ ਨੂੰ ਪਟਿਆਲਾ ਦੇ ਭਾਸ਼ਾ ਭਵਨ ਵਿੱਚ ਹੋਵੇਗਾ।