ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 11 ਸਤੰਬਰ
ਸੂਬੇ ਵਿੱਚ ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਨੇ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ (ਆਰਆਈਡੀਐੱਫ) ਅਧੀਨ ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ (ਨਾਬਾਰਡ) ਦੇ 1,022 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਤਰਜੀਹ ਦਿੱਤੀ ਹੈ।
ਨਾਬਾਰਡ ਤੋਂ ਫੰਡ ਪ੍ਰਾਪਤ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਉੱਚ-ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਚਾਲੂ ਵਿੱਤੀ ਸਾਲ ਦੌਰਾਨ ਪੇਂਡੂ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣਗੇ।
ਰਾਜ ਵਿੱਚ ਚੱਲ ਰਹੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜ਼ਿਕਰ ਕਰਦਿਆਂ ਨਾਬਾਰਡ, ਪੰਜਾਬ ਦੇ ਮੁੱਖ ਜਨਰਲ ਮੈਨੇਜਰ ਡਾ. ਰਾਜੀਵ ਸਿਵਾਚ ਨੇ ਦੱਸਿਆ ਕਿ ਆਰਆਈਡੀਐੱਫ ਤੋਂ 714.15 ਕਰੋੜ ਰੁਪਏ ਦੀ ਸਹਾਇਤਾ ਵਾਲੇ ਚਾਰ ਪ੍ਰਾਜੈਕਟਾਂ ਨੂੰ ਨਾਬਾਰਡ ਦੁਆਰਾ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਰਾਜ ਦੁਆਰਾ ਪੇਸ਼ ਕੀਤੇ ਗਏ ਦੋ ਹੋਰ ਪ੍ਰਾਜੈਕਟ ਪ੍ਰਵਾਨਗੀ ਦੀ ਪ੍ਰਕਿਰਿਆ ਅਧੀਨ ਹਨ। ਮੀਟਿੰਗ ਦੌਰਾਨ ਆਰਆਈਡੀਐੱਫ ਪ੍ਰਾਜੈਕਟਾਂ ਤੋਂ ਇਲਾਵਾ ਸੂਖਮ ਸਿੰਜਾਈ ਫੰਡ, ਵੇਅਰਹਾਊਸਿੰਗ ਬੁਨਿਆਦੀ ਢਾਂਚਾ ਫੰਡ, ਫੂਡ ਪ੍ਰੋਸੈਸਿੰਗ ਫੰਡ ਅਤੇ ਡੇਅਰੀ ਵਿਕਾਸ ਬੁਨਿਆਦੀ ਢਾਂਚਾ ਫੰਡਾਂ ਅਧੀਨ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ (ਜਲ ਸਰੋਤ), ਕੇਏਪੀ ਸਿਨਹਾ (ਵਿੱਤ), ਕੇ. ਸਿਵਾ ਪ੍ਰਸਾਦ (ਸਹਿਕਾਰਤਾ), ਵਿਕਾਸ ਪ੍ਰਤਾਪ (ਪੀਡਬਲਿਊਡੀ), ਅਲੋਕ ਸ਼ੇਖਰ (ਸਿਹਤ ਅਤੇ ਮੈਡੀਕਲ ਸਿੱਖਿਆ), ਜਸਪ੍ਰੀਤ ਤਲਵਾੜ (ਜਲ ਸਪਲਾਈ ਅਤੇ ਸੈਨੀਟੇਸ਼ਨ) ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਮੌਜੂਦ ਸਨ।