ਕੁਲਦੀਪ ਸਿੰਘ
ਚੰਡੀਗੜ੍ਹ, 13 ਫ਼ਰਵਰੀ
ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੇ ਮੁਲਾਜ਼ਮ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ਼ ਵੱਡਾ ਅੰਦੋਲਨ ਅਤੇ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਵਿੱਢ ਲਈ ਹੈ। ਫਰੰਟ ਵਲੋਂ 20 ਫ਼ਰਵਰੀ ਨੂੰ ਮੀਟਿੰਗ ਸੱਦ ਲਈ ਗਈ ਹੈ।
ਫਰੰਟ ਦੇ ਕਨਵੀਨਰਾਂ ਸੱਜਣ ਸਿੰਘ, ਸਤੀਸ਼ ਰਾਣਾ, ਮੇਘ ਸਿੰਘ ਸਿੱਧੂ, ਸੁਖਚੈਨ ਸਿੰਘ ਖਹਿਰਾ, ਕਰਮ ਸਿੰਘ ਧਨੋਆ, ਅਸ਼ਵਨੀ ਚੰਦਰ ਸ਼ਰਮਾ, ਪ੍ਰੇਮ ਸਾਗਰ ਸ਼ਰਮਾ, ਬਖਸ਼ੀ ਸਿੰਘ, ਜਸਵੀਰ ਸਿੰਘ ਤਲਵਾੜਾ, ਪਰਵਿੰਦਰ ਸਿੰਘ ਖੰਗੂੜਾ ਅਤੇ ਦਵਿੰਦਰ ਸਿੰਘ ਬੈਨੀਪਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿੱਚ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੂਰੇ ਨਹੀਂ ਕੀਤੇ ਬਲਕਿ ਕਟੌਤੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਸੇਵਾ ਵਿੱਚ ਆਉਣ ਵਾਲੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਹੁਣ ਮੁਲਾਜ਼ਮ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕਿਸਾਨ ਅੰਦੋਲਨ ਦੀ ਤਰਜ਼ ’ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵਿਧਾਨ ਸਭਾ ਸੈਸ਼ਨ ਦੌਰਾਨ ਪੱਕੇ ਮੋਰਚੇ ਲਾਉਣਗੇ ਅਤੇ ਚੰਡੀਗੜ੍ਹ ਦੇ ਸਾਰੇ ਬਾਰਡਰ ਸੀਲ ਕਰ ਦੇਣਗੇ। ਪੱਕੇ ਮੋਰਚਿਆਂ ਦੀ ਤਿਆਰੀ ਵਜੋਂ ਮੁਲਾਜ਼ਮਾਂ ਦੀ ਲਾਮਬੰਦੀ ਕਰਨ ਅਤੇ ਆਮ ਲੋਕਾਂ ’ਚ ਪ੍ਰਚਾਰ ਕੀਤਾ ਜਾਵੇਗਾ।
ਆਗੂਆਂ ਨੇ ਮੁਹਾਲੀ ਦੀ ਮਹਾਰੈਲੀ ਨੂੰ ਕਾਮਯਾਬ ਕਰਨ ਲਈ ਫਰੰਟ ਦੀਆਂ ਭਾਈਵਾਲ ਜਥੇਬੰਦੀਆਂ ਪੀ.ਐਸ.ਐਮ.ਐਸ.ਯੂ. ਦੀਆਂ ਵਿਭਾਗੀ ਜਥੇਬੰਦੀਆਂ, ਪ.ਸ.ਸ.ਫ., ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (1406-22ਬੀ ਅਤੇ ਸੱਜਣ ਸਿੰਘ), ਸਾਂਝਾ ਮੁਲਾਜ਼ਮ ਮੰਚ, ਮੁਹਾਲੀ ਅਤੇ ਚੰਡੀਗੜ੍ਹ ਦੇ ਸਮੂਹ ਡਾਇਰੈਕਟੋਰੇਟਾਂ ਦੀਆਂ ਸਮੂਹ ਜੱਥੇਬੰਦੀਆਂ, ਪੰਜਾਬ ਪੈਨਸ਼ਨਰਜ਼ ਕਨਫੈਡਰੇਸ਼ਨ, ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪੰਜਾਬ, ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ, ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ, ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਬਿਜਲੀ ਮੁਲਾਜ਼ਮਾਂ ਨਾਲ ਸਬੰਧਿਤ ਜਥੇਬੰਦੀਆਂ, ਆਈ.ਟੀ.ਆਈ. ਇੰਪਲਾਈਜ਼ ਯੂਨੀਅਨ, ਵੈਟਰਨਰੀ ਇੰਸਪੈਕਟਰ ਯੂਨੀਅਨ, ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਯੂਨੀਅਨ ਪੰਜਾਬ, ਮਾਸਟਰ ਕਾਡਰ ਯੂਨੀਅਨ, ਡੀ.ਟੀ.ਐਫ., ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ, ਪੰਜਾਬ, ਡਰਾਫਟਸਮੈਨ ਐਸੋਸੀਏਸ਼ਨ, ਪੰਜਾਬ ਰੈਵੇਨਿਊ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ, ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ, ਅਰਥ ਅਤੇ ਅੰਕੜਾ ਕੰਟਰੈਕਟ ਯੂਨੀਅਨ, ਆਊਟਸੋਰਸਿੰਗ ਯੂਨੀਅਨ, ਜੁਆਇੰਟ ਐਕਸ਼ਨ ਕਮੇਟੀ (ਸਕੱਤਰੇਤ ਇਮਾਰਤ), ਪੰਜਾਬ ਦਰਜਾ-4 ਇੰਪਲਾਈਜ਼ ਯੂਨੀਅਨ, ਆਂਗਨਵਾੜੀ ਮੁਲਾਜ਼ਮ ਯੂਨੀਅਨ, ਮਿਡ-ਡੇਅ-ਮੀਲ ਵਰਕਰ, ਕਰਮਚਾਰੀ ਦਲ ਰਣਜੀਤ ਸਾਗਰ ਡੈਮ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।