ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿਚ ਨਿਵੇਸ਼ ਪੱਖੀ ਮਾਹੌਲ ਸਦਕਾ ਰੁਜ਼ਗਾਰ ਦੇ 3.23 ਲੱਖ ਨਵੇਂ ਮੌਕੇ ਸਿਰਜੇ ਜਾਣਗੇ ਕਿਉਂਕਿ ਮਈ 2021 ਤੱਕ 86,819 ਕਰੋੜ ਦੀ ਲਾਗਤ ਵਾਲੇ 2661 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਤਰਜੀਹੀ ਆਲਮੀ ਨਿਵੇਸ਼ ਟਿਕਾਣੇ ਵਜੋਂ ਉਭਰਨ ਦੇ ਦਰ ’ਤੇ ਆਣ ਪਹੁੰਚਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਸੰਕਟ ਦੇ ਕਾਰਨ ਆਰਥਿਕਤਾ ਦੀ ਰਫਤਾਰ ਵਿਚ ਮੱਠੀ ਹੋਣ ਦੇ ਬਾਵਜੂਦ ਸੂਬੇ ਨੇ ਮਈ, 2021 ਵਿਚ 2277 ਕਰੋੜ ਰੁਪਏ ਦੀ ਲਾਗਤ ਨਾਲ 267 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿਚ ਉਦਯੋਗਿਕ ਅਤੇ ਨਿਵੇਸ਼ ਉਤਸ਼ਾਹਤ ਬਿਊਰੋ ਦੀ ਸਥਾਪਨਾ ਕਰਨ ਦੇ ਹਾਲ ਹੀ ਵਿਚ ਕੀਤੇ ਗਏ ਫੈਸਲੇ ਨਾਲ ਸੂਬੇ ਵਿਚ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਬਿਜਨਸ ਫਸਟ ਪੋਰਟਲ ਰਾਹੀਂ ਸਮੇਂ ਸਿਰ ਪ੍ਰਵਾਨਗੀਆਂ ਦੇਣ, ਐੱਨਓਸੀ ਅਪਲਾਈ ਕਰਨ ਅਤੇ ਮਨਜੂਰੀਆਂ ਸਮੇਂ ਸਿਰ ਜਾਰੀ ਵਿਚ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।
ਇਨਵੈਸਟਮੈਂਟ ਪ੍ਰੋਮੋਸ਼ਨ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਦੱਸਿਆ ਕਿ ਮਈ, 2021 ਵਿਚ 2277 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ 1206 ਕਰੋੜ ਰੁਪਏ ਦੀ ਲਾਗਤ ਨਾਲ ਸਬੰਧਤ ਪ੍ਰਾਜੈਕਟ ਰੀਅਲ ਅਸਟੇਟ, ਮਕਾਨ ਅਤੇ ਬੁਨਿਆਦੀ ਢਾਂਚੇ, ਸੈਰ ਸਪਾਟਾ ਤੇ ਪ੍ਰਾਹੁਣਚਾਰੀ, ਸਿਹਤ ਸੰਭਾਲ, ਮੈਨੂਫੈਕਚਰਿੰਗ ਤੇ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਨਾਲ ਸਬੰਧਤ ਹਨ। ਨਿਵੇਸ਼ ਪੰਜਾਬ ਦੇ ਸੀ.ਈ.ਓ. ਰੱਜਤ ਅਗਰਵਾਲ ਦੇ ਮੁਤਾਬਕ ਮਾਰਚ, 2017 ਤੋਂ ਲੈ ਕੇ 2661 ਪ੍ਰਾਜੈਕਟ ਸ਼ੁਰੂ ਹੋਏ ਹਨ ਜਿਨ੍ਹਾਂ ਵਿੱਚੋਂ 54 ਫੀਸਦੀ ਨੇ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਜਦਕਿ 37 ਫੀਸਦੀ ਉਸਾਰੀ ਅਧੀਨ ਜਾਂ ਉਸਾਰੀ ਤੋਂ ਬਾਅਦ ਦੇ ਪੜਾਅ ਉਤੇ ਹਨ।
ਅਗਰਵਾਲ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹਾ 24750 ਨੌਕਰੀਆਂ ਦੀ ਸਮਰੱਥਾ ਵਾਲੇ 24698 ਕਰੋੜ ਰੁਪਏ ਦੇ 70 ਪ੍ਰਾਜੈਕਟਾਂ ਨਾਲ ਸਿਖਰ ’ਤੇ ਹੈ। ਇਸ ਤੋਂ ਬਾਅਦ ਐੱਸਏਐੱਸ ਨਗਰ ਨੇ 61,663 ਨੌਕਰੀਆਂ ਦੀ ਸਮਰੱਥਾ ਨਾਲ 23,172 ਕਰੋੜ ਰੁਪਏ ਦੇ ਨਿਵੇਸ ਵਾਲੇ 609 ਪ੍ਰਾਜੈਕਟ ਅਤੇ ਲੁਧਿਆਣਾ ਨੇ 12,094 ਕਰੋੜ ਰੁਪਏ ਦੇ ਨਿਵੇਸ਼ ਨਾਲ 88,836 ਪ੍ਰਸਤਾਵਿਤ ਨੌਕਰੀਆਂ ਵਾਲੇ 590 ਪ੍ਰਾਜੈਕਟ ਪ੍ਰਾਪਤ ਕੀਤੇ ਹਨ। ਪਟਿਆਲੇ ਵਿੱਚ 17,257 ਨੌਕਰੀਆਂ ਵਾਲੇ 226 ਪ੍ਰਾਜੈਕਟ ਹਨ ਜਿਨ੍ਹਾਂ ਦੀ ਕੁੱਲ ਲਾਗਤ 5576 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਅੰਮਿ੍ਰਤਸਰ ਨੇ 13435 ਨੌਕਰੀਆਂ ਵਾਲੇ 146 ਪ੍ਰਾਜੈਕਟ ਪ੍ਰਾਪਤ ਕੀਤੇ ਹਨ ਜਿਸ ਦੀ ਲਾਗਤ 3691 ਕਰੋੜ ਰੁਪਏ ਹੈ।