ਚਰਨਜੀਤ ਭੁੱਲਰ
ਚੰਡੀਗੜ੍ਹ, 24 ਦਸੰਬਰ
ਪੰਜਾਬ ਚੋੋਣਾਂ ਲਈ ਕਾਂਗਰਸ ਹਾਈਕਮਾਨ ਵੱਲੋਂ ‘ਇੱਕ ਪਰਿਵਾਰ-ਇੱਕ ਟਿਕਟ’ ਦਾ ਫਾਰਮੂਲਾ ਬਣਾਏ ਜਾਣ ਮਗਰੋਂ ਕਈ ਸਿਆਸੀ ਪਰਿਵਾਰਾਂ ਦੇ ਚਿਹਰੇ ਉੱਡ ਗਏ ਹਨ। ਇਸ ਵੇਲੇ ਕਈ ਸਿਆਸੀ ਨੇਤਾ ਦੋ-ਦੋ ਟਿਕਟਾਂ ਦੀ ਮੰਗ ਨੂੰ ਲੈ ਕੇ ਆਪਸ ਵਿੱਚ ਉਲਝੇ ਹੋਏ ਸਨ। ਇਸ ਫਾਰਮੂਲੇ ਨਾਲ ਜਿਥੇ ਦੋ-ਦੋ ਟਿਕਟਾਂ ਦੀ ਝਾਕ ਰੱਖਣ ਵਾਲਿਆਂ ਨੂੰ ਝਟਕਾ ਲੱਗਾ ਹੈ, ਉਥੇ ਉਨ੍ਹਾਂ ਦੇ ਵਿਰੋੋਧੀ ਅੰਦਰੋ-ਅੰਦਰੀਂ ਖੁਸ਼ ਹਨ। ਪੰਜਾਬ ਚੋਣਾਂ 2017 ਵਿੱਚ ਵੀ ਹਾਈ ਕਮਾਨ ਨੇ ਇਹੋ ਫਾਰਮੂਲਾ ਬਣਾਇਆ ਸੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਸਿਆਸੀ ਸਟੇਜਾਂ ਤੋਂ ਇਹ ਗੱਲ ਧੜੱਲੇ ਨਾਲ ਰੱਖ ਰਹੇ ਹਨ ਕਿਉਂਕਿ ਅੰਦਰੋਂ-ਅੰਦਰੀਂ ਉਹ ਇੱਕ ਤੀਰ ਨਾਲ ਕਈ ਨਿਸ਼ਾਨੇ ਲੱਗਣ ਤੋਂ ਧਰਵਾਸ ਵਿੱਚ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਖੁਦ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਬਸੀ ਪਠਾਣਾਂ ਤੋਂ ਟਿਕਟ ਦਿਵਾਉਣਾ ਚਾਹੁੰਦੇ ਹਨ ਅਤੇ ਡਾ. ਮਨੋਹਰ ਸਿੰਘ ਨੇ ਆਪਣੀ ਸਿਆਸੀ ਸਰਗਰਮੀ ਸ਼ੁਰੂ ਵੀ ਕਰ ਦਿੱਤੀ ਹੈ। ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਮੈਦਾਨ ਵਿੱਚ ਹਨ, ਜਦੋਂ ਕਿ ਉਨ੍ਹਾਂ ਦੇ ਭਰਾ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਾਦੀਆਂ ਤੋਂ ਚੋੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਸੰਸਦ ਮੈਂਬਰ ਮੁਹੰਮਦ ਸਦੀਕ ਵੀ ਜੈਤੋ ਹਲਕੇ ਤੋਂ ਆਪਣੀ ਲੜਕੀ ਨੂੰ ਅਗਲੀ ਚੋਣ ਲੜਾਉਣ ਦੀ ਤਿਆਰੀ ਕਰ ਰਹੇ ਸਨ। ਹਲਕਾ ਸਨੌਰ ਤੋਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਤਿਆਰੀ ਵਿੱਢੀ ਹੋਈ ਹੈ, ਜਦੋਂ ਕਿ ਹਲਕਾ ਸਮਾਣਾ ਤੋਂ ਉਨ੍ਹਾਂ ਦਾ ਲੜਕਾ ਰਜਿੰਦਰ ਸਿੰਘ ਮੌਜੂਦਾ ਵਿਧਾਇਕ ਹੈ।
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੀ ਆਪਣੇ ਜਵਾਈ ਨੂੰ ਆਗਾਮੀ ਚੋਣਾਂ ਵਿੱਚ ਟਿਕਟ ਦਿਵਾਉਣਾ ਚਾਹੁੰਦੀ ਸੀ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਆਪਣੇ ਲੜਕੇ ਨੂੰ ਸੁਲਤਾਨਪੁਰ ਲੋਧੀ ਤੋਂ ਚੋਣ ਲੜਾਉਣਾ ਚਾਹੁੰਦੇ ਸਨ ਅਤੇ ਇਸੇ ਤਰ੍ਹਾਂ ਕੈਬਨਿਟ ਵਜ਼ੀਰ ਬ੍ਰਹਮ ਮਹਿੰਦਰਾ ਵੀ ਆਪਣੇ ਲੜਕੇ ਲਈ ਟਿਕਟ ਲੈਣ ਦੇ ਚਾਹਵਾਨ ਸਨ। ਸਿਆਸੀ ਹਲਕੇ ਆਖਦੇ ਹਨ ਕਿ ਇਨ੍ਹਾਂ ਸਭਨਾਂ ਕੋਲ ਇੱਕੋ ਰਾਹ ਬਚਿਆ ਹੈ ਕਿ ਉਹ ਜਾਂ ਤਾਂ ਖੁਦ ਚੋਣ ਲੜਨ ਜਾਂ ਫਿਰ ਆਪਣੇ ਲੜਕਿਆਂ ਲਈ ਟਿਕਟ ਲੈ ਲੈਣ।