ਚਰਨਜੀਤ ਭੁੱਲਰ
ਚੰਡੀਗੜ੍ਹ, 27 ਜਨਵਰੀ
ਕਾਂਗਰਸ ਪਾਰਟੀ ਦੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਦੂਜੀ ਸੂਚੀ ਤੋਂ ਬਗਾਵਤੀ ਸੁਰ ਖੜ੍ਹੇ ਹੋ ਗਏ ਹਨ। ਇਸ ਸੂਚੀ ਨੇ ਦਰਜਨ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਕਾਂਗਰਸ ਵਲੋਂ 23 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਜਿਸ ’ਚ ਤਿੰਨ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ ਹੈ| ਸ਼ੁਤਰਾਣਾ ਤੋਂ ਨਿਰਮਲ ਸਿੰਘ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਤੇ ਫ਼ਿਰੋਜ਼ਪੁਰ ਦਿਹਾਤੀ ਤੋਂ ਸਤਿਕਾਰ ਕੌਰ ਗਹਿਰੀ ਨੂੰ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਦਕਿ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਥਾਂ ਉਸ ਦੇ ਲੜਕੇ ਨੂੰ ਟਿਕਟ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਖਰੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਵਿਜੈ ਸ਼ਰਮਾ ਟੀਨੂੰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਕਰਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦਾ ਪਾਰਾ ਚੜ੍ਹ ਗਿਆ ਹੈ| ਕੰਗ ਪਰਿਵਾਰ ਨੇ ਕਿਹਾ ਕਿ ਜੇ ਟਿਕਟ ਬਦਲੀ ਨਾ ਗਈ ਤਾਂ ਉਸ ਦਾ ਲੜਕਾ ਖਰੜ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ| ਹਲਕਾ ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਦੇ ਵਿਰੋਧ ਵਿਚ ਹਲਕਾ ਇੰਚਾਰਜ ਅਤੇ ਟਿਕਟ ਦੀ ਚਾਹਵਾਨ ਦਮਨ ਬਾਜਵਾ ਨੇ ਬਗਾਵਤੀ ਬਿਗਲ ਵਜਾ ਦਿੱਤਾ ਹੈ| ਦਮਨ ਬਾਜਵਾ ਨੇ ਅੱਜ ਵਰਕਰਾਂ ਅਤੇ ਆਗੂਆਂ ਦਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ। ਉਨ੍ਹਾਂ ਟਿਕਟ ਕੱਟੇ ਜਾਣ ਪਿੱਛੇ ਨਵਜੋਤ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ| ਇਸੇ ਤਰ੍ਹਾਂ ਹਲਕਾ ਸਾਹਨੇਵਾਲ ਤੋਂ ਪਾਰਟੀ ਨੇ ਵਿਕਰਮ ਸਿੰਘ ਬਾਜਵਾ ਨੂੰ ਉਮੀਦਵਾਰ ਐਲਾਨਿਆ ਹੈ। ਇਸ ਹਲਕੇ ਤੋਂ ਪਹਿਲਾਂ ਚੋਣ ਲੜ ਚੁੱਕੀ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਔਰਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਹ ਜਲਦੀ ਹੀ ਵਰਕਰਾਂ ਨਾਲ ਸਲਾਹ ਕਰਕੇ ਅਗਲਾ ਫ਼ੈਸਲਾ ਲੈਣਗੇ। ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਮੌਜੂਦਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟ ਦਿੱਤੀ ਗਈ ਹੈ| ਉਸ ਨੇ ਇਲਜ਼ਾਮ ਲਾਏ ਕਿ ਗ਼ਰੀਬ ਤੇ ਦਲਿਤ ਹੋਣ ਕਰਕੇ ਉਸ ਦੀ ਟਿਕਟ ਕੱਟੀ ਗਈ ਹੈ| ਹਲਕਾ ਬਟਾਲਾ ਵਿਚ ਨਵੇਂ ਉਮੀਦਵਾਰ ਅਸ਼ਵਨੀ ਸੇਖੜੀ ਖ਼ਿਲਾਫ਼ ਵਿਰੋਧ ਖੜ੍ਹਾ ਹੋ ਗਿਆ ਹੈ| ਇਸ ਹਲਕੇ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਟਿਕਟ ਲੈਣ ਦੇ ਇਛੁੱਕ ਸਨ ਪਰ ਹੁਣ ਬਾਜਵਾ ਦੇ ਹਮਾਇਤੀਆਂ ਨੇ ਬਗਾਵਤ ਕਰ ਦਿੱਤੀ ਹੈ।
ਹਲਕਾ ਬਟਾਲਾ ਵਿਚ ਅੱਜ ਨਿਗਮ ਚੇਅਰਮੈਨ ਸੁਖਦੀਪ ਸਿੰਘ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਦੀ ਅਗਵਾਈ ਵਿਚ 72 ਪਿੰਡਾਂ ਦੇ ਸਰਪੰਚਾਂ ਤੇ 30 ਨਗਰ ਕੌਂਸਲਰਾਂ ਸਮੇਤ ਵਰਕਰਾਂ ਦਾ ਇਕੱਠ ਹੋਇਆ| ਆਗੂਆਂ ਨੇ ਇਸ ਹਲਕੇ ਤੋਂ ਬਾਜਵਾ ਪਰਿਵਾਰ ਨੂੰ ਚੋਣ ਲੜਨ ਲਈ ਕਿਹਾ| ਸਮਰਾਲਾ ਹਲਕੇ ਤੋਂ ਕਾਂਗਰਸੀ ਟਿਕਟ ਨਾ ਮਿਲਣ ਕਰਕੇ ਚਾਰ ਦਫ਼ਾ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਅੱਜ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸੇ ਤਰ੍ਹਾਂ ਹਲਕਾ ਨਕੋਦਰ ਤੋੋਂ ਡਾ.ਨਵਜੋਤ ਸਿੰਘ ਦਾਹੀਆ ਨੂੰ ਟਿਕਟ ਮਿਲਣ ਮਗਰੋਂ ਟਿਕਟ ਦੇ ਦਾਅਵੇਦਾਰ ਬਲਜੀਤ ਸਿੰਘ ਜੌਹਲ ਨੇ ਆਪਣੇ ਵਰਕਰਾਂ ਦਾ ਇਕੱਠ ਕੀਤਾ| ਉਨ੍ਹਾਂ ਕਿਹਾ ਕਿ ਪਾਰਟੀ ਨੇ ਪੈਰਾਸ਼ੂਟ ਉਮੀਦਵਾਰ ਹਲਕੇ ਵਿਚ ਉਤਾਰ ਦਿੱਤਾ ਹੈ|
ਟਿਕਟਾਂ ਤੋਂ ਵਾਂਝੇ ਰਹੇ ਉਮੀਦਵਾਰਾਂ ਨਾਲ ਵਿਰੋਧੀਆਂ ਵੱਲੋਂ ਰਾਬਤਾ
ਕਾਂਗਰਸ ਦੀ ਪਹਿਲੀ ਸੂਚੀ ਵਿਚ ਚਾਰ ਕਾਂਗਰਸੀ ਵਿਧਾਇਕਾਂ ਦੇ ਟਿਕਟ ਕੱਟੇ ਗਏ ਸਨ ਜਿਨ੍ਹਾਂ ’ਚੋਂ ਇਕੱਲੇ ਹਰਜੋਤ ਕਮਲ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ ਸੀ। ਹੁਣ ਟਿਕਟ ਤੋਂ ਵਾਂਝੇ ਰਹੇ ਚਾਹਵਾਨਾਂ ਨਾਲ ਵਿਰੋਧੀ ਧਿਰਾਂ ਵੱਲੋਂ ਰਾਬਤਾ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕੀਤਾ ਜਾ ਸਕੇ। ਕਾਂਗਰਸ ਖ਼ਿਲਾਫ਼ ਦਰਜਨ ਦੇ ਕਰੀਬ ਹਲਕਿਆਂ ਵਿਚ ਬਗਾਵਤ ਭਾਰੀ ਪੈ ਸਕਦੀ ਹੈ| ਇਸ ਤੋਂ ਪਹਿਲਾਂ ਨਾਰਾਜ਼ ਮਹਿੰਦਰ ਸਿੰਘ ਕੇਪੀ ਨੂੰ ਹਾਲੇ ਤੱਕ ਪਾਰਟੀ ਮਨਾ ਨਹੀਂ ਸਕੀ।
ਅੱਠ ਹਲਕਿਆਂ ਵਿੱਚ ਪੇਚ ਫਸਿਆ
ਕਾਂਗਰਸ ਨੇ ਹੁਣ ਤੱਕ 109 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਦਕਿ ਅੱਠ ਹਲਕਿਆਂ ਤੋਂ ਹਾਲੇ ਵੀ ਟਿਕਟਾਂ ਦਾ ਪੇਚ ਫਸਿਆ ਹੋਇਆ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਦਾਖਲ ਹੋਣੇ ਸ਼ੁਰੂ ਹੋ ਗਏ ਹਨ। ਪਾਰਟੀ ਹਲਕਾ ਜਲਾਲਾਬਾਦ, ਪਟਿਆਲਾ ਸ਼ਹਿਰੀ, ਨਵਾਂ ਸ਼ਹਿਰ, ਬਰਨਾਲਾ, ਭਦੌੜ, ਖੇਮਕਰਨ ਅਤੇ ਲੁਧਿਆਣਾ ਦੱਖਣੀ ਤੋਂ ਉਮੀਦਵਾਰਾਂ ਦਾ ਫ਼ੈਸਲਾ ਨਹੀਂ ਕਰ ਸਕੀ ਹੈ।