ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਅਕਤੂਬਰ
ਪੰਜਾਬ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਭਗਵੰਤ ਮਾਨ ਸਰਵੋਤਮ ਸਾਹਿਤਕ ਪੁਸਤਕਾਂ-2018 ਤੇ 2019 ਦੇ ਲੇਖਕਾਂ ਦਾ ਸਨਮਾਨ ਕਰਨਗੇ। ਇਸ ਸਮਾਗਮ ਵਿੱਚ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਅੱਜ ਐੱਸਐੱਸਪੀ ਦੀਪਕ ਪਾਰਿਕ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਭਾਸ਼ਾ ਵਿਭਾਗ ਦੇ ਪੰਡਾਲ ਕੋਲ ਮੌਕਾ ਦੇਖਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ 2018 ਵਿੱਚ ਛਪੀਆਂ ਪੁਸਤਕਾਂ ਲਈ ਸਤਪਾਲ ਭੀਖੀ, ਰਾਮ ਮੂਰਤ ਸਿੰਘ, ਗੁਰਮੁਖ ਸਿੰਘ, ਖੋਜੀ ਕਾਫ਼ਰ, ਸੰਤਵੀਰ, ਸੁਲੱਖਣ ਸਰਹੱਦੀ, ਰਾਕੇਸ਼ ਕੁਮਾਰ, ਰਾਜਿੰਦਰ ਸਿੰਘ, ਜਗਜੀਤ ਸਿੰਘ ਲੱਡਾ ਅਤੇ 2019 ਵਿੱਚ ਛਾਪੀਆਂ ਪੁਸਤਕਾਂ ਲਈ ਸੁਲੱਖਣ ਸਰਹੱਦੀ, ਡਾ. ਓਮ ਪ੍ਰਕਾਸ਼ ਵਸ਼ਿਸ਼ਟ, ਪ੍ਰੀਤ ਮਹਿੰਦਰ ਸਿੰਘ, ਡਾ. ਧਨਵੰਤ ਕੌਰ, ਪਵਿੱਤਰ ਕੌਰ ਮਾਟੀ, ਡਾ. ਗੁਰਮਿੰਦਰ ਸਿੱਧੂ, ਸੁਖਦੇਵ ਸਿੰਘ, ਸੁਖਮਿੰਦਰ ਸਿੰਘ ਤੇ ਡਾ. ਸੁਦਰਸ਼ਨ ਗਾਸੋ ਦਾ ਸਨਮਾਨ ਕੀਤਾ ਜਾਵੇਗਾ। ਭਾਸ਼ਾ ਵਿਭਾਗ ਦੀ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਸਮਾਗਮ ਲਈ 500 ਡੈਲੀਗੇਟਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ।
ਅਨੁਵਾਦਤ ਪੁਸਤਕਾਂ ਦਾ ਨਵਾਂ ਪੁਰਸਕਾਰ ਸ਼ੁਰੂ
ਭਾਸ਼ਾ ਵਿਭਾਗ ਦੀ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਕਿਹਾ ਕਿ ਹਾਲ ਹੀ ਵਿੱਚ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ ਪ੍ਰੋ. ਗੁਰਦਿਆਲ ਸਿੰਘ ਜੈਤੋ ਦੇ ਨਾਮ ’ਤੇ ਅਨੁਵਾਦਿਤ ਪੁਸਤਕਾਂ ਲਈ ਵਿਸ਼ੇਸ਼ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। 2021 ਵਿੱਚ ਛਪੀਆਂ ਅਨੁਵਾਦਿਤ ਪੁਸਤਕਾਂ ਲਈ ਇਹ ਪੁਰਸਕਾਰ 2022 ਵਿੱਚ ਦਿੱਤਾ ਜਾਵੇਗਾ।