ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਾਰਚ
ਪੰਜਾਬ ਚੋਣਾਂ ਲਈ ਵੋਟਾਂ ਪੈਣ ਮਗਰੋਂ ਵੀ ਪੰਜਾਬ ਕਾਂਗਰਸ ’ਚ ਅੰਦਰੂਨੀ ਕਲੇਸ਼ ਰੁਕ ਨਹੀਂ ਰਿਹਾ। ਹੁਣ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਯੂਕਰੇਨ ਦੇ ਮਾਮਲੇ ’ਤੇ ਮੁੱਖ ਮੰਤਰੀ ਚਰਨਜੀਤ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ’ਤੇ ਉਂਗਲ ਉਠਾਈ ਹੈ ਕਿ ਉਹ ਯੂਕਰੇਨ ’ਚ ਫਸੇ ਵਿਦਿਆਰਥੀਆਂ ਦੇ ਮਾਮਲੇ ’ਤੇ ਚੁੱਪ ਕਿਉਂ ਹਨ।
ਮਨੀਸ਼ ਤਿਵਾੜੀ ਨੇ ਬਾਕੀ ਸੰਸਦ ਮੈਂਬਰਾਂ ਸਮੇਤ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੂੰ ਯੂਕਰੇਨ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਹੈ। ਕਾਂਗਰਸੀ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਵੀ ਪੱਤਰ ਲਿਖ ਕੇ ਬੀਬੀਐਮਬੀ ਵਿਚ ਪੰਜਾਬ ਦੀ ਸਥਾਈ ਮੈਂਬਰੀ ਨੂੰ ਖ਼ਤਮ ਕੀਤੇ ਜਾਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਇਸ ਬਾਰੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਵਾਪਸ ਲਏ ਜਾਣ ਦੀ ਮੰਗ ਵੀ ਰੱਖੀ ਹੈ। ਬੀਬੀਐਮਬੀ ਦੇ ਮਾਮਲੇ ’ਤੇ ਸਭ ਤੋਂ ਜ਼ਿਆਦਾ ਮੁਸਤੈਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਿਖਾਈ ਹੈ ਜਿਨ੍ਹਾਂ ਨੇ ਇਸ ਬਾਰੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪੱਤਰ ਵੀ ਲਿਖਿਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਬੀਐਮਬੀ ਦੇ ਮੁੱਦੇ ’ਤੇ ਹਾਲੇ ਤੱਕ ਖ਼ਾਮੋਸ਼ ਹਨ ਅਤੇ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੇਂਦਰ ਖ਼ਿਲਾਫ਼ ਹਾਲੇ ਤੱਕ ਮੂੰਹ ਨਹੀਂ ਖੋਲ੍ਹਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਕਰੇਨ ਮੁੱਦੇ ’ਤੇ ਤਾਂ ਟਵੀਟ ਵੀ ਕੀਤੇ ਹਨ ਅਤੇ ਆਪਣੇ ਜਨਮ ਦਿਨ ਦੇ ਮੌਕੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਵਧਾਈ ਵੀ ਕਬੂਲ ਕੀਤੀ ਹੈ ਪਰ ਮੁੱਖ ਮੰਤਰੀ ਚੰਨੀ ਨੇ ਸੰਘੀ ਢਾਂਚੇ ’ਤੇ ਹੋਏ ਹਮਲੇ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ। ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਖ਼ਾਮੋਸ਼ ਹਨ ਜਿਨ੍ਹਾਂ ਨੇ ਆਖ਼ਰੀ ਟਵੀਟ ਵੋਟਾਂ ਪੈਣ ਮਗਰੋਂ ਵੋਟਰਾਂ ਦੇ ਧੰਨਵਾਦ ਲਈ ਕੀਤਾ ਸੀ। ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਉਤਾਰੇ ਜਾਣ ਤੋਂ ਲੈ ਕੇ ਕਲੇਸ਼ ਚੱਲ ਰਿਹਾ ਹੈ ਜੋ ਕਿਸੇ ਨਾ ਕਿਸੇ ਰੂਪ ਵਿਚ ਵੋਟਾਂ ਪੈਣ ਮਗਰੋਂ ਵੀ ਜਾਰੀ ਹੈ|
ਸਿਆਸੀ ਮਾਹਿਰ ਆਖਦੇ ਹਨ ਕਿ ਕਾਂਗਰਸ ਨੂੰ ਉਮੀਦ ਮੁਤਾਬਿਕ ਚੋਣਾਂ ਵਿਚ ਸਫਲਤਾ ਨਾ ਮਿਲੀ ਤਾਂ ਕਾਂਗਰਸ ਵਿਚ ਖਿਲਾਰਾ ਪੈ ਸਕਦਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਚੋਣਾਂ ਦੌਰਾਨ ਹਿੰਦੂ ਚਿਹਰੇ ਵਾਲਾ ਮਾਮਲਾ ਉਠਾਇਆ ਸੀ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਮਗਰੋਂ ਨਵਜੋਤ ਸਿੱਧੂ ਅੰਦਰੋਂ ਨਾਰਾਜ਼ ਹਨ।