ਚਰਨਜੀਤ ਭੁੱਲਰ
ਚੰਡੀਗੜ੍ਹ, 7 ਸਤੰਬਰ
ਪੰਜਾਬ ਕਾਂਗਰਸ ’ਚ ਉੱਠੇ ਬਗਾਵਤੀ ਤੂਫਾਨ ਮਗਰੋਂ ਹੁਣ ਸਿਆਸੀ ਚੁੱਪ ਵਰਤੀ ਗਈ ਹੈ, ਜਿਸ ਤੋਂ ਨਵੇਂ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ਪੂਰਾ ਧਿਆਨ ਨਵਾਂ ਜਥੇਬੰਦਕ ਢਾਂਚਾ ਖੜ੍ਹਾ ਕਰਨ ’ਤੇ ਲਾ ਦਿੱਤਾ ਹੈ। ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗਾਂ ਮਗਰੋਂ ਨਵਜੋਤ ਸਿੱਧੂ ਨੇ ਹੁਣ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਫੋਨ ਖੜਕਾ ਕੇ ਨਵੇਂ ਢਾਂਚੇ ਲਈ ਸਿਫਾਰਸ਼ਾਂ ਦੀ ਮੰਗ ਕੀਤੀ ਹੈ। ਇਸੇ ਦੌਰਾਨ ਨਵਜੋਤ ਸਿੱਧੂ ਨੇ ਅੱਜ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਦੱਸਦੇ ਹਨ ਕਿ ਲੰਘੇ ਦਿਨ ਨਵਜੋਤ ਸਿੱਧੂ ਨੇ ਬੀਬੀ ਭੱਠਲ ਨੂੰ ਫੋਨ ਕੀਤਾ ਸੀ ਪਰ ਗਲਾ ਖਰਾਬ ਹੋੋਣ ਕਰਕੇ ਬੀਬੀ ਭੱਠਲ ਗੱਲ ਨਾ ਕਰ ਸਕੇ, ਜਿਸ ਕਰਕੇ ਅੱਜ ਨਵਜੋਤ ਸਿੱਧੂ ਉਨ੍ਹਾਂ ਦਾ ਪਤਾ ਲੈਣ ਲਈ ਘਰ ਪੁੱਜੇ ਸਨ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੀਬੀ ਭੱਠਲ ਦੀ ਰਿਹਾਇਸ਼ ’ਤੇ ਗਏ ਸਨ। ਵੇਰਵਿਆਂ ਅਨੁਸਾਰ ਨਵਜੋਤ ਸਿੱਧੂ ਦੀ ਰਣਨੀਤੀ ਹੈ ਕਿ ਪਹਿਲਾਂ ਆਪਣੀ ਟੀਮ ਖੜ੍ਹੀ ਕੀਤੀ ਜਾਵੇ, ਉਸ ਮਗਰੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ। ਹਰ ਜ਼ਿਲ੍ਹੇ ਦੇ ਵਿਧਾਇਕਾਂ ਤੋਂ ਨਵੇਂ ਢਾਂਚੇ ਬਾਰੇ ਨਾਵਾਂ ਦੇ ਪੈਨਲ ਮੰਗੇ ਜਾ ਰਹੇ ਹਨ।
ਨਵਜੋਤ ਸਿੱਧੂ ਪੂਰੀ ਤਰ੍ਹਾਂ ਨਵੇਂ ਜਥੇਬੰਦਕ ਢਾਂਚੇ ਦੀ ਕਾਇਮੀ ਵਿਚ ਉਲਝ ਗਏ ਹਨ। ਪਤਾ ਲੱਗਾ ਹੈ ਕਿ ਜੋ ਟਕਸਾਲੀ ਕਾਂਗਰਸੀ ਆਗੂ ਹਨ ਜਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਅਹੁਦਿਆਂ ’ਤੇ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਵਿਚ ਥਾਂ ਦਿੱਤੀ ਜਾਣੀ ਹੈ। ਸੂਤਰ ਆਖਦੇ ਹਨ ਕਿ ਨਵੇਂ ਢਾਂਚੇ ਵਿਚ ਨਵਜੋਤ ਸਿੱਧੂ ਪੂਰੀ ਤਰ੍ਹਾਂ ਆਪਣਾ ਹੱਥ ਉਪਰ ਰੱਖਣਗੇ ਅਤੇ ਆਪਣੇ ਖੇਮੇ ਦੇ ਆਗੂਆਂ ਦੀ ਸਿਫਾਰਸ਼ ਨੂੰ ਤਰਜੀਹੀ ਆਧਾਰ ’ਤੇ ਲੈਣਗੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਫੇਰੀ ਮਗਰੋਂ ਕਾਂਗਰਸ ਵਿਚ ਬਾਹਰੀ ਤੌਰ ’ਤੇ ਕਾਟੋ ਕਲੇਸ਼ ਸ਼ਾਂਤ ਹੋਇਆ ਹੈ। ਨਵਜੋਤ ਸਿੱਧੂ ਦਾ ਰਾਵਤ ਦੀ ਫੇਰੀ ਮਗਰੋਂ ਕੋਈ ਟਵੀਟ ਵੀ ਸਾਹਮਣੇ ਨਹੀਂ ਆਇਆ ਹੈ।
ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦਾ ਕਹਿਣਾ ਸੀ ਕਿ ਨਵਜੋਤ ਸਿੱਧੂ ਅਤੇ ਸਮੁੱਚੀ ਟੀਮ ਵੱਲੋਂ ਹੁਣ ਜਥੇਬੰਦਕ ਢਾਂਚੇ ਦੇ ਗਠਨ ਨੂੰ ਲੈ ਕੇ ਸਮੁੱਚਾ ਧਿਆਨ ਲਗਾਇਆ ਹੋਇਆ ਹੈ, ਜਿਸ ਬਾਰੇ ਹਰ ਜ਼ਿਲ੍ਹੇ ਦੀ ਰਾਇ ਲਈ ਜਾ ਰਹੀ ਹੈ। ਸਭਨਾਂ ਦੇ ਮਸ਼ਵਰੇ ਮਗਰੋਂ ਹੀ ਪ੍ਰਵਾਨਗੀ ਲਈ ਫਾਈਲ ਹਾਈਕਮਾਨ ਕੋਲ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਨਵਾਂ ਢਾਂਚਾ ਸਾਹਮਣੇ ਆ ਜਾਵੇਗਾ, ਜਿਸ ਨਾਲ ਅਗਲੀਆਂ ਚੋਣਾਂ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਜੋ ਬਾਗੀ ਵਜ਼ੀਰ ਅਤੇ ਵਿਧਾਇਕ ਨਿੱਤਰੇ ਸਨ, ਉਨ੍ਹਾਂ ਨੇ ਵੀ ਫਿਲਹਾਲ ਚੁੱਪ ਵੱਟੀ ਹੋਈ ਹੈ। ਬੇਸ਼ੱਕ ਅੰਦਰੋਂ ਅੰਦਰੀਂ ਠੰਢੀ ਜੰਗ ਚੱਲ ਰਹੀ ਹੈ ਪਰ ਬਾਹਰੀ ਤੌਰ ’ਤੇ ਸਿਆਸੀ ਮਾਹੌਲ ਵਿਚ ਸ਼ਾਂਤੀ ਆਈ ਹੈ। ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੱਲੋਂ ਚੰਡੀਗੜ੍ਹ ਫੇਰੀ ਮਗਰੋਂ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪਣੀ ਸੀ, ਜਿਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।