ਗਗਨਦੀਪ ਅਰੋੜਾ
ਲੁਧਿਆਣਾ, 23 ਅਗਸਤ
ਇਥੋਂ ਦੇ ਵਿਜੀਲੈਂਸ ਦਫ਼ਤਰ ਬਾਹਰ ਦੋ ਦਿਨਾਂ ਤੋਂ ਕਾਂਗਰਸੀ ਸਰਗਰਮ ਹਨ। ਟੈਂਡਰ ਘੁਟਾਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸ ਦੇ ਵੱਡੇ ਆਗੂਆਂ ਦਾ ਪੁੱਜਣਾ ਜਾਰੀ ਹੈ। ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋਮਵਾਰ ਰਾਤ ਨੂੰ ਪੁੱਜੇ। ਦੂਜੇ ਦਿਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਵਿਧਾਇਕ ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਸਣੇ ਹੋਰ ਕਈ ਵੱਡੇ ਆਗੂ ਪੁੱਜੇ। ਇਸ ਦੌਰਾਨ ਸਾਰੇ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਡਟ ਕੇ ਖੜ੍ਹੀ ਹੈ ਤੇ ਉਹ ਜਲਦੀ ਹੀ ਬਰੀ ਹੋਣਗੇ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਦਾਲਤ ’ਚ ਪੁੱਜੇ ਅਤੇ ਉਨ੍ਹਾਂ ਨਾਲ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੀ ਸਨ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਤਹਿਤ ਕੰਮ ਕਰ ਰਹੀ ਹੈ। ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਆਸ਼ੂ ਨੂੰ ਗਲਤ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੇਅਰ ਅਤੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਨੇ ਵੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਦੱਸਿਆ। ਇਸ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੋਨੀ ਗਾਲਬਿ, ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ, ਅੰਗਦ ਸਿੰਘ ਸੈਣੀ ਤੇ ਹੋਰ ਆਗੂ ਵੀ ਪੁੱਜੇ।
ਪਾਕਿ ਦੀ ਤਰਜ਼ ’ਤੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ: ਵੜਿੰਗ
ਲੁਧਿਆਣਾ: ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਦੂਜੇ ਦਿਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੂਰਾ ਦਿਨ ਲੁਧਿਆਣਾ ਵਿਜੀਲੈਂਸ ਦੇ ਦਫ਼ਤਰ ਬਾਹਰ ਬੈਠੇ ਰਹੇ। ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਕਿਹਾ ਕਿ ਸਿਆਸੀ ਆਗੂਆਂ ਵਿੱਚ ਜੋ ਰਾਜਸੀ ਲੜਾਈ ਚੱਲ ਰਹੀ ਹੈ, ਉਸ ਨਾਲ ਭਾਰਤ ਲਗਾਤਾਰ ਪਾਕਿਸਤਾਨ ਬਣਦਾ ਜਾ ਰਿਹਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਕਿਸਤਾਨ ਦੀ ਤਰਜ਼ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਾਕਿਸਤਾਨ ਸਰਕਾਰ ਨੇ ਆਪਣੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਪਾਕਿ ਵਿਰੋਧੀ ਗਤੀਵਿਧੀਆਂ ’ਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦਾ ਕੇਸ ਦਰਜ ਕੀਤਾ ਹੈ। ਭਾਰਤ ’ਚ ਵੀ ਇਸ ਸਮੇਂ ਇਸੇ ਤਰਜ਼ ’ਤੇ ਕੰਮ ਹੋ ਰਿਹਾ ਹੈ। ਸ੍ਰੀ ਵੜਿੰਗ ਨੇ ਕਿਹਾ ਕਿ ਜਿਵੇਂ 2-ਜੀ ਘੁਟਾਲੇ ’ਚ 2 ਲੱਖ ਕਰੋੜ ਦੇ ਘਪਲੇ ਦਾ ਦੋਸ਼ ਲਾਇਆ ਗਿਆ ਸੀ, ਪਰ ਕੁਝ ਸਮੇਂ ਬਾਅਦ ਸਾਰੇ ਆਗੂ ਬਰੀ ਹੋ ਗਏ ਸਨ। ਉਸੇ ਤਰ੍ਹਾਂ ਸ੍ਰੀ ਆਸ਼ੂ ਵੀ ਕੁਝ ਸਮੇਂ ਬਾਅਦ ਪਾਕਿ ਸਾਫ਼ ਹੋ ਕੇ ਬਾਹਰ ਆਉਣਗੇ। ਵੜਿੰਗ ਨੇ ਕਿਹਾ ਕਿ ਸਾਰਾ ਅਨਾਜ ਗੁਦਾਮਾਂ ’ਚ ਪੁੱਜ ਗਿਆ ਹੈ, ਫਿਰ ਘੁਟਾਲਾ ਕਿੱਥੇ ਹੋਇਆ। ਜੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੰਬਰ ਮੇਲ ਨਹੀਂ ਖਾ ਰਹੇ ਤਾਂ ਇਹ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ, ਨਾ ਕਿ ਮੰਤਰੀ ਦੀ।
ਸਥਾਨਕ ਕਾਂਗਰਸੀ ਆਗੂਆਂ ਨੇ ਬਣਾਈ ਦੂਰੀ
ਟੈਂਡਰ ਘੁਟਾਲੇ ’ਚ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ’ਤੇ ਉਨ੍ਹਾਂ ਦੇ ਸਮਰਥਕ ਸਦਮੇ ’ਚ ਹਨ ਪਰ ਸ਼ਹਿਰ ਦੇ ਕੁਝ ਕਾਂਗਰਸੀ ਅੰਦਰਖਾਤੇ ਖੁਸ਼ ਹਨ। ਆਸ਼ੂ ਦੇ ਹੱਕ ਵਿਚ ਅੱਜ ਕੀਤੇ ਇਕੱਠ ਵਿਚ ਸੀਨੀਅਰ ਕਾਂਗਰਸੀਆਂ ਨੇ ਦੂਰੀ ਬਣਾਈ। ਸਨਅਤੀ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂਆਂ ਵਿਚੋਂ ਛੇ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਵੀ ਇਸ ਪੂਰੇ ਮਾਮਲੇ ’ਚ ਕਿਤੇ ਨਜ਼ਰ ਨਹੀਂ ਆਏ। ਉੱਧਰ ਹਲਕਾ ਗਿੱਲ ਤੋਂ ਵਿਧਾਇਕ ਰਹੇ ਤੇ ਸੇਵਾਮੁਕਤ ਡੀਸੀ ਕੁਲਦੀਪ ਵੈਦ ਵੀ ਦੋ ਦਿਨ ਤੋਂ ਵਿਜੀਲੈਂਸ ਦਫ਼ਤਰ ਦੇ ਬਾਹਰ ਨਜ਼ਰ ਨਹੀਂ ਆਏ। ਸਾਬਕਾ ਵਿਧਾਇਕ ਸੁਰਿੰਦਰ ਡਾਬਰ ਰਾਤ ਨੂੰ ਕੁਝ ਸਮੇਂ ਲਈ ਹੀ ਆਏ। ਸਾਬਕਾ ਵਿਧਾਇਕ ਸੰਜੈ ਤਲਵਾੜ ਵੀ ਸੋਮਵਾਰ ਰਾਤ ਨੂੰ ਹੀ ਪੁੱਜੇ। ਜਦੋਂ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਤਾਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਸੋਸ਼ਲ ਮੀਡੀਆ ’ਤੇ ਲਾਈਵ ਹੋ ਗਏ।