ਚਰਨਜੀਤ ਭੁੱਲਰ
ਚੰਡੀਗੜ੍ਹ, 23 ਮਾਰਚ
ਪੰਜਾਬ ਦੇ ਕਰੋਨਾ ਮਰੀਜ਼ਾਂ ’ਚ ਬਰਤਾਨੀਆ ਦੇ ਨਵੇਂ ਵਾਇਰਸ ਦੇ ਨਮੂਨੇ ਮਿਲਣ ਕਾਰਨ ਪੰਜਾਬ ਸਰਕਾਰ ਦੀ ਫਿਕਰ ਵੱਧ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਨਾਲ ਅੱਜ ਪੰਜਾਬ ਦੇ ਸਿਹਤ ਮਾਹਿਰਾਂ ਨੇ ਕਰੋਨਾ ਨਮੂਨਿਆਂ ਦੀ ਜਾਂਚ ਦੌਰਾਨ ਮਿਲੇ ਨਵੇਂ ਵਾਇਰਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਹਾਲਤਾਂ ’ਚ ਪੰੰਜਾਬ ਸਰਕਾਰ ਆਉਂਦੇ ਦਿਨਾਂ ਵਿੱਚ ਨਵੀਆਂ ਪਾਬੰਦੀਆਂ ਵੀ ਲਗਾ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਕਰੋਨਾ ਦੇ ਨਮੂਨਿਆਂ ’ਚ ਯੂਕੇ ਦਾ ਵਾਇਰਸ ਮਿਲਣ ਮਗਰੋਂ ਅੱਜ ਪੰਜਾਬ ਦੇ ਲੋਕਾਂ ਨੂੰ ਚੌਕਸ ਕੀਤਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਯੂਕੇ ਦੇ ਵਾਇਰਸ ਦੇ ਹਵਾਲੇ ਨਾਲ ਅਪੀਲ ਕੀਤੀ ਹੈ ਕਿ ਟੀਕਾਕਰਨ ਦਾ ਦਾਇਰਾ ਵਧਾ ਕੇ ਇਸ ’ਚ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਕਿਉਂਕਿ ਇਹ ਵਾਇਰਸ ਨੌਜਵਾਨਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ’ਚ ਕਰੋਨਾ ਵਾਇਰਸ ਦੇ 401 ਨਮੂਨਿਆਂ ਚੋਂ 81 ਫੀਸਦੀ ਨਮੂਨਿਆਂ ’ਚ ਯੂਕੇ ਦਾ ਨਵਾਂ ਕਰੋਨਾਵਾਇਰਸ ਪਾਇਆ ਗਿਆ ਹੈ। ਪਹਿਲਾਂ ਕਰੋਨਾਵਾਇਰਸ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇਕੇ ਤਲਵਾੜ ਨੇ ਇਸ ਵਾਇਰਸ ਦੇ ਨਵੇਂ ਸਰੂਪ ਸਬੰਧੀ ਜਾਣਕਾਰੀ ਮੁੱਖ ਮੰਤਰੀ ਨਾਲ ਸਾਂਝੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਬਾਦੀ ਦੇ ਵੱਡੇ ਹਿੱਸੇ ਨੂੰ ਵੀ ਟੀਕਾਕਰਨ ਮੁਹਿੰਮ ਵਿਚ ਛੇਤੀ ਸ਼ਾਮਿਲ ਕੀਤਾ ਜਾਵੇ। ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਭਰ ’ਚੋਂ ਕਰੋਨਾ ਦੇ ਸਭ ਤੋਂ ਵੱਧ 75 ਫੀਸਦੀ ਐਕਟਿਵ ਕੇਸ ਮਹਾਰਾਸ਼ਟਰ, ਪੰਜਾਬ ਅਤੇ ਕੇਰਲਾ ਵਿਚ ਹਨ। ਨਵੇਂ ਕੇਸਾਂ ਦੀ ਵਾਧਾ ਦਰ ’ਚ ਪੰਜਾਬ ਦਾ ਦੇਸ਼ ਭਰ ’ਚੋਂ ਦੂਜਾ ਸਥਾਨ ਹੈ।
ਮਾਹਿਰਾਂ ਅਨੁਸਾਰ ਮੌਜੂਦਾ ਕੋਵੀਸ਼ੀਲਡ ਵੈਕਸੀਨ ਯੂਕੇ ਦੇ ਵਾਇਰਸ ਬੀ.1.1.7 ਲਈ ਵੀ ਬੇਹੱਦ ਕਾਰਗਰ ਹੈ। ਇਸ ਵਾਇਰਸ ਦਾ ਫੈਲਾਅ ਰੋਕਣ ਲਈ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਹੈ। ਬੀਤੇ ਕੁਝ ਹਫ਼ਤਿਆਂ ਦੌਰਾਨ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਿੱਚ ਵੀ ਵੱਡਾ ਵਾਧਾ ਹੋਇਆ ਹੈ।
ਸਿਹਤ ਵਿਭਾਗ ਨੇ ਕਰੋਨਾਵਾਇਰਸ ਦੇ ਨਵੇਂ ਸਰੂਪ ਦੀ ਜਾਂਚ ਲਈ 478 ਪਾਜ਼ੇਟਿਵ ਸੈਂਪਲ ਜਾਂਚ ਐੱਨਆਈਬੀ, ਆਈਜੀਆਈਬੀ ਅਤੇ ਐੱਨਸੀਡੀਸੀ ਨੂੰ ਭੇਜੇ ਸਨ। ਇਨ੍ਹਾਂ ਵਿੱਚੋਂ 90 ਨਮੂਨਿਆਂ ਦੇ ਨਤੀਜੇ ਆ ਗਏ ਹਨ ਜਿਨ੍ਹਾਂ ’ਚੋਂ ਸਿਰਫ਼ ਦੋ ਨਮੂਨਿਆਂ ਵਿੱਚ ਹੀ ਐਨ440 ਕੇ ਕਿਸਮ ਪਾਈ ਗਈ ਹੈ।
ਤੇਜ਼ੀ ਨਾਲ ਫੈਲਦਾ ਹੈ ਨਵਾਂ ਵਾਇਰਸ: ਡਾ. ਤਲਵਾੜ
ਕਰੋਨਾ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇਕੇ ਤਲਵਾੜ ਨੇ ਕਿਹਾ ਕਿ ਇਨ੍ਹਾਂ ਨਮੂਨਿਆਂ ਦੇ ਨਤੀਜੇ ਚਿੰਤਾਜਨਕ ਸਨ ਕਿਉਂਕਿ 326 ਕੋਵਿਡ ਨਮੂਨਿਆਂ ਵਿੱਚ ਬੀ.1.1.7 ਕਿਸਮ ਦੀ ਮੌਜੂਦਗੀ ਪਾਈ ਗਈ ਹੈ। ਕਰੋਨਾਵਾਇਰਸ ਦਾ ਇਹ ਨਵਾਂ ਸਰੂਪ ਬੀ.1.1.7 ਤੇਜ਼ੀ ਨਾਲ ਫੈਲਦਾ ਹੈ। ਆਕਸਫੋਰਡ (ਕੋਵੀਸ਼ੀਲਡ) ਦੀ ਦਵਾਈ ਕਰੋਨਾ ਦੇ ਇਸ ਨਵੇਂ ਸਰੂਪ ਦੇ ਇਲਾਜ ਲਈ ਪੂਰੀ ਤਰ੍ਹਾਂ ਕਾਰਗਰ ਹੈ।