ਚੰਡੀਗੜ੍ਹ, 1 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਸ਼ਨਿੱਚਰਵਾਰ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ’ਤੇ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਬਿੱਲ ’ਤੇ ਮਨਜ਼ੂਰੀ ਰੋਕੀ ਰੱਖਣ ਦਾ ਦੋਸ਼ ਲਾਉਂਦਿਆਂ ਇਸ ਸਬੰਧ ’ਚ ਉਨ੍ਹਾਂ ਖ਼ਿਲਾਫ਼ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਸ੍ਰੀ ਚੰਨੀ ਨੇ ਰਾਜਪਾਲ ਪੁਰੋਹਿਤ ’ਤੇ ਭਾਜਪਾ ਦੇ ਦਬਾਅ ਹੇਠ ਬਿੱਲ ਨੂੰ ਮਨਜ਼ੂਰੀ ਦੇਣ ’ਚ ਦੇਰੀ ਕਰਨ ਦਾ ਦੋਸ਼ ਵੀ ਲਾਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਨੇ ਲੰਘੇ ਵਰ੍ਹੇ ਨਵੰਬਰ ਮਹੀਨੇ ‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜ਼ੇਸ਼ਨ ਆਫ ਕੰਟਰੈਕਚੁਅਲ ਐਂਪਲਾਈਜ਼ ਬਿੱਲ-2021’ (ਪੰਜਾਬ ਸੁਰੱਖਿਆ ਅਤੇ ਠੇਕਾ ਮੁਲਾਜ਼ਮ ਰੈਗੂਲਰ ਬਿੱਲ-2021) ਪਾਸ ਕੀਤਾ ਸੀ। ਇਸ ਬਿੱਲ ਦਾ ਮਨੋਰਥ ਵੱਖ-ਵੱਖ ਵਿਭਾਗਾਂ ’ਚ ਕੰਮ ਕਰਦੇ 36,000 ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ ਸੀ। ਮੁੱਖ ਮੰਤਰੀ ਚੰਨੀ ਨੇ ਆਪਣੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕਾਨੂੰਨ ਬਣਾਇਆ ਹੈ। ਚੰਨੀ ਨੇ ਦੋਸ਼ ਲਾਇਆ, ‘‘ਹਾਲਾਂਕਿ ਰਾਜਪਾਲ ਨੇ ਕੁਝ ਰਾਜਨੀਤਕ ਕਾਰਨਾਂ ਕਰਕੇ ਫਾਈਲ (ਬਿੱਲ ਨਾਲ ਸਬੰਧਿਤ) ਰੋਕੀ ਹੋਈ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੰਤਰੀਆਂ ਨੂੰ ਲੈ ਕੇ ਇਸ ਮੁੱਦੇ ’ਤੇ ਪਹਿਲਾਂ ਹੀ ਦੋ ਵਾਰ ਰਾਜਪਾਲ ਨੂੰ ਮਿਲ ਚੁੱਕੇ ਹਨ ਅਤੇ ਸੋਮਵਾਰ ਨੂੰ ਫਿਰ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਚੰਨੀ ਨੇ ਕਿਹਾ, ‘‘ਜੇਕਰ, ਉਹ ਫਾਈਲ ਨੂੰ ਮਨਜ਼ੂਰੀ ਨਹੀਂ ਦਿੰਦੇ ਤਾਂ ਇਹ ਰਾਜਨੀਤੀ ਹੈ। ਸਾਨੂੰ ਧਰਨਾ ਦੇਣਾ ਪਵੇਗਾ, ਅਸੀਂ ਉਹ ਕਰਾਂਗੇ ਪਰ ਅਸੀਂ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਹੈ। ਇੱਕ ਕਾਨੂੰਨ ਬਣਾਇਆ ਗਿਆ ਹੈ।’’ ਉਨ੍ਹਾਂ ਕਿਹਾ, ‘‘ਫਾਈਲ ਨੂੰ ਮਨਜ਼ੂਰੀ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਪਹਿਲਾਂ ਮੈਨੂੰ ਲੱਗਦਾ ਸੀ ਕਿ ਉਹ ਕਿਤੇ ਰੁੱਝੇ ਹੋਏ ਹਨ, ਪਰ ਜਿਵੇਂ ਕਿ ਮੈਂ ਪਹਿਲਾਂ ਹੀ ਉਨ੍ਹਾਂ ਨੂੰ ਮਿਲ ਚੁੱਕਾ ਹਾਂ ਅਤੇ ਮੁੱਖ ਸਕੱਤਰ ਵੀ ਉਨ੍ਹਾਂ ਮਿਲ ਚੁੱਕੇ ਹਨ। ਹੁਣ ਇਹ ਰਾਜਨੀਤੀ ਹੈ, ਕਿਉਂਕਿ ਭਾਜਪਾ ਦਾ ਦਬਾਅ ਹੈ। ਉਨ੍ਹਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ।’’ -ਪੀਟੀਆਈ