ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 13 ਮਾਰਚ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੀ ਟਰਮ-2 ਦੀ ਡੇਟਸ਼ੀਟ ਵਿੱਚ ਤਬਦੀਲੀ ਕੀਤੀ ਗਈ ਹੈ। ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਲਿਖਤੀ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਿਖਤੀ ਪ੍ਰੀਖਿਆਵਾਂ 7 ਅਪਰੈਲ ਤੋਂ 28 ਅਪਰੈਲ ਤੱਕ ਆਫ਼ਲਾਈਨ ਹੋਣਗੀਆਂ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 10.00 ਵਜੇ ਤੋਂ 12.15 ਵਜੇ ਤੱਕ ਹੋਵੇਗਾ।
ਪ੍ਰਯੋਗੀ ਪ੍ਰੀਖਿਆਵਾਂ 29 ਅਪਰੈਲ ਤੋਂ 9 ਮਈ ਤੱਕ ਸਕੂਲ ਪੱਧਰ ’ਤੇ ਕਰਵਾਈਆਂ ਜਾਣਗੀਆਂ, ਜਿਨ੍ਹਾਂ ਸਬੰਧੀ ਪੇਪਰ ਸਬੰਧਤ ਵਿਸ਼ੇ ਦੇ ਅਧਿਆਪਕ ਸਕੂਲ ਪੱਧਰ ’ਤੇ ਹੀ ਸੈੱਟ ਕਰਨਗੇ। ਲਿਖਤੀ ਪ੍ਰੀਖਿਆਵਾਂ ਸਵੇਰੇ ਦਸ ਵਜੇ ਆਰੰਭ ਹੋਣਗੀਆਂ ਅਤੇ ਪੰਦਰਾਂ ਮਿੰਟ ਵਿਦਿਆਰਥੀਆਂ ਨੂੰ ਪੇਪਰ ਪੜ੍ਹਨ ਲਈ ਦਿੱਤੇ ਜਾਣਗੇ। ਪ੍ਰਯੋਗੀ ਪ੍ਰੀਖਿਆਵਾਂ ਦੇ ਅੰਕ ਅੱਠ ਦਿਨਾਂ ਦੇ ਅੰਦਰ-ਅੰਦਰ ਸਕੂਲ ਵੱਲੋਂ ਬੋਰਡ ਦਫ਼ਤਰ ਨੂੰ ਭੇਜੇ ਜਾਣਗੇ।
ਕੰਟਰੋਲਰ ਅਨੁਸਾਰ 7 ਅਪਰੈਲ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 11 ਅਪਰੈਲ ਨੂੰ ਅੰਗਰੇਜ਼ੀ, 13 ਅਪਰੈਲ ਨੂੰ ਸਵਾਗਤ ਜ਼ਿੰਦਗੀ, 16 ਅਪਰੈਲ ਨੂੰ ਵਿਗਿਆਨ, 19 ਅਪਰੈਲ ਨੂੰ ਗਣਿਤ, 21 ਅਪਰੈਲ ਨੂੰ ਸਮਾਜਿਕ ਵਿਗਿਆਨ, 23 ਅਪਰੈਲ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 25 ਅਪਰੈਲ ਨੂੰ ਕੰਪਿਊਟਰ ਸਾਇੰਸ, 26 ਅਪਰੈਲ ਨੂੰ ਸਿਹਤ ਅਤੇ ਸਰੀਰਕ ਸਿੱਖਿਆ ਅਤੇ 28 ਅਪਰੈਲ ਨੂੰ ਚੋਣਵੇਂ ਵਿਸ਼ੇ ਖੇਤੀਬਾੜੀ, ਡਾਂਸ, ਡਰਾਇੰਗ ਅਤੇ ਚਿੱਤਰਕਲਾ, ਗ੍ਰਹਿ ਵਿਗਿਆਨ, ਸੰਗੀਤ ਵਾਦਨ ਅਤੇ ਵੋਕੇਸ਼ਨਲ ਵਿਸ਼ਿਆਂ ਦੇ ਪੇਪਰ ਹੋਣਗੇ।