ਨਵੀਂ ਦਿੱਲੀ, 4 ਅਪਰੈਲ
ਮਹਾਰਾਸ਼ਟਰ ਅਤੇ ਪੰਜਾਬ ਦੇਸ਼ ਦੇ ਦੋ ਅਜਿਹੇ ਰਾਜ ਹਨ, ਜਿਥੇ ਪਿਛਲੇ ਪੰਦਰਵਾੜੇ ਤੋਂ ਕਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸ ਨਿੱਤ ਆ ਰਹੇ ਹਨ। ਇਹ ਜਾਣਕਾਰੀ ਅਧਿਕਾਰਤ ਦਸਤਾਵੇਜ਼ਾਂ ਤੋਂ ਪ੍ਰਾਪਤ ਕੀਤੀ ਗਈ ਹੈ। ਸਾਰੇ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਨਾਲ ਕੈਬਨਿਟ ਸਕੱਤਰ ਦੀ ਬੈਠਕ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਇਹ ਦਸਤਾਵੇਜ ਪੇਸ਼ ਕੀਤੇ। ਇਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਦੋਵੇਂ ਰਾਜ ਉਨ੍ਹਾਂ ਪੰਜ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਸ਼ਾਮਲ ਹਨ, ਜਿਥੇ ਨਿੱਤ ਦੇ ਮਾਮਲੇ ਆਪਣੇ ਪੁਰਾਣੇ ਸਿਖਰ ਤੋਂ ਵੀ ਅੱਗੇ ਹਨ। ਇਨ੍ਹਾਂ ਰਾਜਾਂ ਵਿੱਚ ਚੰਡੀਗੜ੍ਹ, ਛੱਤੀਸਗੜ੍ਹ ਤੇ ਗੁਜਰਾਤ ਵੀ ਸ਼ਾਮਲ ਹਨ। ਮਹਾਰਾਸ਼ਟਰ ਵਿੱਚ 23 ਮਾਰਚ ਤੱਕ ਆਖਰੀ ਸੱਤ ਦਿਨਾਂ ਵਿੱਚ ਨਿੱਤ ਨਵੇਂ ਮਾਮਲਿਆਂ ਦੀ ਵਾਧਾ ਦਰ 3.6 ਫੀਸਦ ਤੇ ਪੰਜਾਬ ਵਿੱਚ 3.2 ਫੀਸਦ ਦਰਜ ਕੀਤੀ ਗਈ। ਮਹਾਰਾਸ਼ਟਰ ਵਿੱਚ 31 ਮਾਰਚ ਤੋਂ ਪਹਿਲਾਂ ਦੋ ਹਫ਼ਤਿਆਂ ਵਿੱਚ 4,26,108 ਤੇ ਪੰਜਾਬ ਵਿੱਚ 35,754 ਮਾਮਲੇ ਸਾਹਮਣੇ ਆਏ।