ਆਤਿਸ਼ ਗੁਪਤਾ
ਚੰਡੀਗੜ੍ਹ, 27 ਦਸੰਬਰ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਨੇ ਆਪਣੀ ਗੱਲ ਕੇਂਦਰ ਤੱਕ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦਾ ਵਿਰੋਧ ਕਰਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਂਡੇ ਖੜਕਾਏ। ਇਸ ਮੌਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਾਂਡੇ ਖੜਕਾਉਂਦਿਆਂ ਰੋਸ ਮਾਰਚ ਕੱਢ ਕੇ ਕੇਂਦਰ ਖ਼ਿਲਾਫ਼ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਦਿੱਲੀ ਬਾਰਡਰ ’ਤੇ ਬੈਠੀਆਂ ਕਿਸਾਨ ਯੂਨੀਅਨਾਂ ਦੇ ਸੱਦੇ ’ਤੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ 200 ਦੇ ਕਰੀਬ ਥਾਵਾਂ ’ਤੇ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਅੱਜ ਤੀਜੇ ਦਿਨ ਵੀ ਪੰਜਾਬ ਵਿੱਚ ਇਕ ਦਰਜਨ ਦੇ ਕਰੀਬ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਦਾ ਅਤੇ ਤਿੰਨ ਦਰਜਨ ਦੇ ਕਰੀਬ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਜਾਰੀ ਰੱਖਿਆ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਿੱਢੀ ਗਈ ‘ਦਿੱਲੀ ਮੋਰਚਾ ਹੋਰ ਭਖਾਉ ਮੁਹਿੰਮ’ ਤਹਿਤ ਅੱਜ 300 ਟਰਾਲੀਆਂ, 20 ਬੱਸਾਂ, 35 ਟਰੱਕ ਸਣੇ 300 ਦੇ ਕਰੀਬ ਹੋਰਨਾਂ ਵਾਹਨਾਂ ਰਾਹੀਂ 10 ਹਜ਼ਾਰ ਤੋਂ ਵੱਧ ਲੋਕਾਂ ਦਾ ਕਾਫ਼ਲਾ ਡੱਬਵਾਲੀ ਬਾਰਡਰ ਤੋਂ ਦਿੱਲੀ ਵੱਲ ਰਵਾਨਾ ਹੋਇਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਵੱਡੀਆਂ ਲਾਮਬੰਦੀਆਂ ਲਈ ਜ਼ੋਰਦਾਰ ਤਿਆਰੀਆਂ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 41 ਥਾਵਾਂ ’ਤੇ ਮੋਰਚੇ ਜਾਰੀ ਰੱਖਦਿਆਂ ਦਿੱਲੀ ਮੋਰਚੇ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾਵੇਗਾ।
ਸ੍ਰੀ ਕੋਕਰੀ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜ ਮਹੀਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਰਿਆਣਾ, ਰਾਜਸਥਾਨ ਤੇ ਯੂੁਪੀ ਤੋਂ ਹੁੰਦਾ ਹੋਇਆ ਅੱਜ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ, ਜਿਸ ਵਿੱਚ ਹਿੱਸਾ ਲੈਣ ਲਈ ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਆਦਿ ਰਾਜਾਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਨਹੀਂ ਤਾਂ ਕਿਸਾਨ ਦਿੱਲੀ ਵੱਲ ਕੂਚ ਕਰਦੇ ਰਹਿਣਗੇ।
ਜਲੰਧਰ ਤੇ ਤਰਨ ਤਾਰਨ ਵਿੱਚ ਨਗਾਰੇ ਵਜਾਏ
ਜਲੰਧਰ (ਪਾਲ ਸਿੰਘ ਨੌਲੀ): ਪੋਹ ਦੇ ਮਹੀਨੇ ਕੜਾਕੇ ਦੀ ਠੰਢ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਮਘਾਈ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ’ਤੇ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਖ਼ਿਲਾਫ਼ ਵਿਰੋਧ ਜਤਾਉਣ ਲਈ ਅੱਜ ਸਿੱਖ ਜਥੇਬੰਦੀਆਂ ਨੇ ਨਗਾਰੇ ਵਜਾਏ। ਇਸ ਦੌਰਾਨ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ਸ਼ੁਰੂ ਕੀਤੀ ਤਾਂ ਸਿੱਖ ਜਥੇਬੰਦੀਆਂ ਨੇ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਭਾਵੇਂ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਥਾਲੀਆਂ ਖੜਕਾਉਣ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਦੀ ਜਥੇਬੰਦੀ ਨੇ ਫ਼ੈਸਲਾ ਕੀਤਾ ਸੀ ਕਿ ਥਾਲੀਆਂ ਖੜਕਾ ਕੇ ਭਾਜਪਾ ਦੀ ਰੀਸ ਕਰਨ ਦੀ ਜਗ੍ਹਾ ਜਿੱਤ ਦੇ ਪ੍ਰਤੀਕ ਨਗਾਰੇ ’ਤੇ ਚੋਟ ਕੀਤੀ ਜਾਵੇ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਐਂਟੀ ਕ੍ਰਾਈਮ ਤੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਅਤੇ ਯਸ਼ਪਾਲ ਸਫਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਦੇ ਮਾਧਿਆਮ ਨਾਲ ਸਿਰਫ਼ ਆਪਣੇ ‘ਮਨ ਕੀ ਬਾਤ’ ਕੀਤੀ ਹੈ, ਉਹ ਕਿਸਾਨਾਂ ਦੇ ‘ਮਨ ਕੀ ਬਾਤ’ ਸੁਣਨ ਨੂੰ ਤਿਆਰ ਨਹੀਂ। ਨਗਾਰਾ ਵਜਾ ਕੇ ਅੱਜ ਉਨ੍ਹਾਂ ਕੇਂਦਰ ਸਰਕਾਰ ਦੇ ਕੰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਹਰ ਸੱਦੇ ’ਤੇ ਸਿੱਖ ਤਾਲਮੇਲ ਕਮੇਟੀ ਸ਼ਾਮਲ ਹੁੰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਹੀ ਉਹ ਕਿਸਾਨਾਂ ਦਾ ਇੰਝ ਹੀ ਸਾਥ ਦਿੰਦੀ ਰਹੇਗੀ। ਇਸ ਮੌਕੇ ਗੁਰਜੀਤ ਸਿੰਘ ਸਤਨਾਮੀਆ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਨਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਖ਼ਿਲਾਫ਼ ਭਾਂਡੇ ਖੜਕਾ ਕੇ ਤਿੱਖਾ ਵਿਰੋਧ ਪ੍ਰਗਟਾਇਆ ਗਿਆ। ਇਸ ਦੌਰਾਨ ਸ਼ਹਿਰ ਦੀ ਜੰਡਿਆਲਾ ਰੋਡ ’ਤੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਕੇਐੱਮਓ), ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਨਗਾਰਾ ਵਜਾ ਕੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ| ਜਥੇਬੰਦੀਆਂ ਦੇ ਆਗੂ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ ਨੇ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਨੂੰ ‘ਕੋਰੇ ਝੂਠਾਂ ਨਾਲ ਭਰੀ ਬਾਤ’ ਕਿਹਾ| ਇਸ ਤੋਂ ਇਲਾਵਾ ਕੌਮੀ ਪੱਧਰ ਦੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਬੁੱਧ ਸਿੰਘ ਪੱਖੋਕੇ, ਦਲਬੀਰ ਸਿੰਘ ਬਾਗੜੀਆ ਅਤੇ ਜਨਵਾਦੀ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਤਰਨ ਤਾਰਨ ਦੀ ਅਗਵਾਈ ਹੇਠ ਲੋਕਾਂ ਨੇ ਥਾਲੀਆਂ ਖੜਕਾ ਕੇ ਵਿਰੋਧ ਪ੍ਰਦਰਸ਼ਨ ਕੀਤਾ| ਇਸੇ ਤਰ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਝਬਾਲ, ਮੰਨਣ, ਮਾਨੋਚਾਹਲ ਕਲਾਂ ਆਦਿ ਵਿੱਚ ਭਾਂਡੇ ਖੜਕਾ ਕੇ ‘ਮਨ ਕੀ ਬਾਤ’ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ।