ਨਵੀਂ ਦਿੱਲੀ (ਸੌਰਭ ਮਲਿਕ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਆਪਣੀ ਸਥਾਪਤੀ ਤੋਂ ਇੱਕ ਸਦੀ ਮਗਰੋਂ ਪਹਿਲੀ ਵਾਰ 13 ਮਹਿਲਾ ਜੱਜ ਮਿਲਣਗੇ ਕਿਉਂਕਿ ਨੌਂ ਨਿਆਂਇਕ ਅਧਿਕਾਰੀਆਂ ਅਤੇ ਇੱਕ ਵਕੀਲ ਨੂੰ ਵਧੀਕ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ। ਹਾਈ ਕੋਰਟ ਵਿੱਚ ਹੁਣ ਤੱਕ ਵੱਧ ਤੋਂ ਵੱਧ ਦਸ ਮਹਿਲਾ ਜੱਜ ਰਹਿ ਚੁੱਕੇ ਹਨ। ਇਨ੍ਹਾਂ ਨਿਯੁਕਤੀਆਂ ਵਿੱਚ ਪੰਜ ਮਹਿਲਾਵਾਂ ਵੀ ਸ਼ਾਮਲ ਹਨ। ਹਾਲਾਂਕਿ, ਬਰਨਾਲਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਲਾਂਬਾ ਨੂੰ ਹਾਈ ਕੋਰਟ ਵਿੱਚ ਰਜਿਸਟਰਾਰ (ਵਿਜੀਲੈਂਸ) ਨਿਯੁਕਤ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ, ਚੀਫ ਜਸਟਿਸ ਰਵੀ ਸ਼ੰਕਰ ਝਾਅ 2 ਨਵੰਬਰ ਨੂੰ ਐਡਵੋਕੇਟ ਕੁਲਦੀਪ ਤਿਵਾੜੀ ਅਤੇ ਨਿਆਂਇਕ ਅਧਿਕਾਰੀ ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ ਵਿਕਰਮ ਅਗਰਵਾਲ ਨੂੰ ਵਧੀਕ ਜੱਜ ਵਜੋਂ ਹਲਫ਼ ਦਿਵਾਉਣਗੇ। ਇਨ੍ਹਾਂ ਵਿੱਚੋੋਂ ਪੰਜ ਜੱਜ ਪੰਜਾਬ ਅਤੇ ਬਾਕੀ ਹਰਿਆਣਾ ਤੋਂ ਹਨ। ਨਿਆਂਇਕ ਅਧਿਕਾਰੀਆਂ ਦੀ ਲਗਪਗ ਤਿੰਨ ਸਾਲ ਬਾਅਦ ਨਿਯੁਕਤੀ ਕੀਤੀ ਗਈ ਹੈ। ਨਿਆਂਇਕ ਅਧਿਕਾਰੀਆਂ ਨੂੰ ਇਸ ਤੋਂ ਪਹਿਲਾਂ ਹਾਈ ਕੋਰਟ ਦੇ ਜੱਜਾਂ ਵਜੋਂ ਤਰੱਕੀ 28 ਨਵੰਬਰ 2019 ਨੂੰ ਦਿੱਤੀ ਗਈ ਸੀ। ਹਲਫ਼ ਲੈਣ ਮਗਰੋਂ ਹਾਈ ਕੋਰਟ ਵਿੱਚ ਕੁੱਲ ਜੱਜਾਂ ਦੀ ਨਫ਼ਰੀ 66 ਹੋ ਜਾਵੇਗੀ। ਹਾਈ ਕੋਰਟ ਵਿੱਚ ਇਸ ਸਮੇਂ 56 ਜੱਜ ਹਨ ਜਦੋਂਕਿ ਪ੍ਰਵਾਨਿਤ ਅਸਾਮੀਆਂ ਦੀ ਗਿਣਤੀ 85 ਹੈ।