ਚੰਡੀਗੜ੍ਹ, 12 ਜੁਲਾਈ
ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਰਿਆਣਾ ਦੇ ਪਾਣੀਪਤ ਨੇੜੇ ਅੱਜ ਕੁਝ ਨੌਜਵਾਨਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਹਮਲੇ ਬਾਰੇ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਅਤੇ ਪੰਜਾਬ ਪੁਲੀਸ ਨੇ ਸਾਂਝੇ ਤੌਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੁਪਰੀਮ ਕੋਰਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ ਨਾਲ ਸਬੰਧਤ ਕੇਸ ਦੀ ਸੁਣਵਾਈ ਲਈ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਆਪਣੀ ਸਮੁੱਚੀ ਟੀਮ ਨਾਲ ਰੇਲ ਗੱਡੀ ਰਾਹੀ ਦਿੱਲੀ ਗਏ ਸਨ। ਸ਼ਾਮ ਵੇਲੇ ਉਹ ਦਿੱਲੀ ਤੋਂ ਚੰਡੀਗੜ੍ਹ ਰੇਲ ਗੱਡੀ ਰਾਹੀਂ ਹੀ ਵਾਪਸ ਆ ਰਹੇ ਸਨ। ਇਸ ਦੌਰਾਨ ਜਦ ਉਹ ਪਾਣੀਪਤ ਨੇੜੇ ਪਹੁੰਚੇ ਤਾਂ ਸ਼ਾਮ 6.30 ਦੇ ਕਰੀਬ 7-8 ਨੌਜਵਾਨਾਂ ਨੇ ਰੇਲ ਗੱਡੀ ਦੇ ਜਿਸ ਡੱਬੇ ਵਿੱਚ ਉਹ ਬੈਠੇ ਸਨ, ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਰੇਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਪਰ ਐਡਵੋਕੇਟ ਜਨਰਲ ਦੇ ਸੱਟ ਵੱਜਣ ਤੋਂ ਬਚਾਅ ਹੋ ਗਿਆ। ਐਡਵੋਕੇਟ ਜਨਰਲ ਨੇ ਇਸ ਸਬੰਧੀ ਡੀਜੀਪੀ ਪੰਜਾਬ ਨੂੰ ਸੂਚਿਤ ਕੀਤਾ। ਦੋਵੇਂ ਸੂਬਿਆਂ ਦੀ ਪੁਲੀਸ ਪਾਣੀਪਤ ਲਾਗੇ ਘਟਨਾ ਵਾਲੀ ਥਾਂ ’ਤੇ ਪੜਤਾਲ ਕਰ ਰਹੀ ਹੈ।