ਪਰਮਜੀਤ ਸਿੰਘ
ਫਾਜ਼ਿਲਕਾ, 14 ਸਤੰਬਰ
ਜ਼ਿਲ੍ਹੇ ਦੇ ਪਿੰਡ ਹਰੀਪੁਰਾ ’ਚ ਇੱਕ ਐੱਸਸੀ ਵਰਗ ਨਾਲ ਸਬੰਧਤ ਇਕ ਵਿਅਕਤੀ ਨੂੰ ਪਿੰਡ ਦੇ ਕੁਝ ਜ਼ਿੰਮੀਦਾਰ ਵਿਅਕਤੀਆਂ ਨੇ ਬੰਧਕ ਬਣਾ ਕੇ ਜਾਨਵਰਾਂ ਵਾਂਗ ਕੁੱਟਿਆ ਅਤੇ ਉਸ ਨੂੰ ਛੁਡਾਉਣ ਗਏ ਉਸ ਦੇ ਭਰਾ ਨੂੰ ਵੀ ਕੁੱਟਮਾਰ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੇ ਪਹੁੰਚ ਕੇ ਜ਼ਿੰਮੀਦਾਰਾਂ ਦੇ ਕਬਜ਼ੇ ’ਚੋਂ ਉਸ ਨੂੰ ਛੁਡਵਾਇਆ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਹਰੀਪੁਰਾ ਦੇ ਵਾਸੀ ਸੰਤੋਸ਼ ਕੁਮਾਰ ਨੇ ਦੋਸ਼ ਲਾਇਆ ਕਿ ਪਿੰਡ ਦੇ ਜੈ ਪ੍ਰਕਾਸ਼ ਵੱਲੋਂ ਉਸ ਦੀ ਪਤਨੀ ਅਤੇ ਬੱਚੇ ਕਰੀਬ ਇਕ ਮਹੀਨੇ ਤੋਂ ਕਥਿਤ ਤੌਰ ’ਤੇ ਆਪਣੇ ਕਬਜ਼ੇ ’ਚ ਰੱਖੇ ਹੋਏ ਹਨ। ਇਸ ਬਾਰੇ ਸਬੰਧਤ ਪੁਲੀਸ ਥਾਣਾ ਖੁਈਆਂ ਸਰਵਰ ਨੂੰ ਸੂਚਿਤ ਕੀਤਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਬੀਤੇ ਦਿਨ ਉਹ ਗਲੀ ’ਚੋਂ ਲੰਘ ਰਿਹਾ ਸੀ ਤਾਂ ਇਨ੍ਹਾਂ ਨੇ ਉਸ ਨੂੰ ਰੱਸੇ ਨਾਲ ਬੰਨ੍ਹ ਲਿਆ ਅਤੇ ਘਰ ਅੰਦਰ ਲਿਜਾ ਕੇ ਬੰਧਕ ਬਣਾ ਲਿਆ ਅਤੇ ਜਾਨਵਰਾਂ ਵਾਂਗ ਉਸ ਨੂੰ ਕੁੱਟਿਆ। ਇਸ ਬਾਰੇ ਥਾਣਾ ਖੁਈਆਂ ਸਰਵਰ ਦੇ ਮੁਖੀ ਰਮਨ ਕੁਮਾਰ ਨੇ ਕਿਹਾ ਕਿ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।