ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਮਈ
ਪੁੱਡਾ ਦੀ ਜ਼ਮੀਨ ’ਤੇ ਸਸਕਾਰ ਲਈ ਲੱਕੜ ਰੱਖਣ ਦੇ ਮੁੱਦੇ ’ਤੇ ਸਥਾਨਕ ਦੁਰਗਿਆਣਾ ਕਮੇਟੀ ਅਤੇ ਪੁੱਡਾ ਵਿਭਾਗ ਆਹਮੋ-ਸਾਹਮਣੇ ਹੋ ਗਏ ਹਨ। ਪੁੱਡਾ ਵੱਲੋਂ ਜ਼ਮੀਨ ਵਰਤਣ ਤੋਂ ਰੋਕੇ ਜਾਣ ’ਤੇ ਦੁਰਗਿਆਣਾ ਕਮੇਟੀ ਨੇ ਸਸਕਾਰ ਲਈ ਲਿਆਂਦੀਆਂ ਲਾਵਾਰਸ ਲਾਸ਼ਾਂ ਦਾ ਆਪਣੇ ਖਰਚੇ ’ਤੇ ਸਸਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਕਰੋਨਾ ਕਾਰਨ ਮੌਤਾਂ ਦੀ ਦਰ ਵਿਚ ਹੋਏ ਵਾਧੇ ਤੋਂ ਬਾਅਦ ਦੁਰਗਿਆਣਾ ਕਮੇਟੀ ਦੇ ਪ੍ਰਬੰਧ ਹੇਠਲੇ ਸ਼ਮਸ਼ਾਨਘਾਟ ਅਤੇ ਗੁਰਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨਘਾਟ ’ਚ ਜਗ੍ਹਾ ਦੀ ਕਮੀ ਪੈਦਾ ਹੋ ਗਈ ਹੈ। ਦੁਰਗਿਆਣਾ ਕਮੇਟੀ ਵੱਲੋਂ ਸਸਕਾਰ ਲਈ ਨਵੇਂ ਥੜ੍ਹੇ ਬਣਾਏ ਗਏ ਹਨ। ਇਸ ਦੌਰਾਨ ਸਸਕਾਰ ਲਈ ਵਰਤੀ ਜਾਂਦੀ ਲੱਕੜ ਰੱਖਣ ਵਾਸਤੇ ਪੁੱਡਾ ਦੀ ਜ਼ਮੀਨ ਵਿੱਚ ਆਰਜ਼ੀ ਪ੍ਰਬੰਧ ਕੀਤਾ ਗਿਆ ਸੀ ਪਰ ਪੁੱਡਾ ਨੇ ਬੀਤੇ ਦਿਨ ਇਹ ਜ਼ਮੀਨ ਵਰਤਣ ਤੋਂ ਰੋਕ ਦਿੱਤਾ। ਦੁਰਗਿਆਣਾ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਆਖਿਆ ਕਿ ਸ਼ਮਸ਼ਾਨਘਾਟ ਨਾਲ ਪੁੱਡਾ ਦੀ ਖਾਲੀ ਜ਼ਮੀਨ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਜ਼ਮੀਨ ਦੁਰਗਿਆਣਾ ਕਮੇਟੀ ਨੂੰ ਸੌਂਪਣ ਦਾ ਐਲਾਨ ਵੀ ਕਰ ਦਿੱਤਾ ਹੈ ਪਰ ਪੁੱਡਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਜ਼ਮੀਨ ਵਰਤਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਵਧ ਗਈ ਹੈ। ਇਥੇ ਸ਼ਮਸ਼ਾਨਘਾਟ ਵਿਚ ਰੋਜ਼ ਲਗਪਗ 40 ਤੋਂ 45 ਲਾਸ਼ਾਂ ਸਸਕਾਰ ਲਈ ਆ ਰਹੀਆਂ ਹਨ। ਥਾਂ ਦੀ ਘਾਟ ਪੂਰੀ ਕਰਨ ਲਈ ਉਨ੍ਹਾਂ ਹੋਰ ਥੜ੍ਹੇ ਬਣਾਏ ਹਨ। ਜਿੱਥੇ ਪਹਿਲਾਂ ਲੱਕੜ ਰੱਖੀ ਜਾਂਦੀ ਸੀ, ਉਥੇ ਵੀ ਹੁਣ ਥੜ੍ਹੇ ਬਣਾ ਦਿੱਤੇ ਗਏ ਹਨ। ਇਸ ਕਰਕੇ ਉਨ੍ਹਾਂ ਨੇ ਪੁੱਡਾ ਦੀ ਜ਼ਮੀਨ ’ਤੇ ਲੱਕੜਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਹ ਕੰਮ ਲੋਕਾਂ ਲਈ ਕਰ ਰਹੇ ਹਨ। ਜਦੋਂ ਤੱਕ ਕੋਈ ਢੁਕਵਾਂ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਨੂੰ ਲੱਕੜ ਉੱਥੇ ਹੀ ਰੱਖਣ ਦਿੱਤੀ ਜਾਵੇ। ਜੇ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਨਹੀਂ ਕਰ ਸਕਦਾ ਤਾਂ ਦੁਰਗਿਆਣਾ ਕਮੇਟੀ ਵੀ ਪ੍ਰਸ਼ਾਸਨ ਵੱਲੋਂ ਭੇਜੀਆਂ ਜਾ ਰਹੀਆਂ ਲਾਵਾਰਸ ਲਾਸ਼ਾਂ ਦਾ ਮੁਫਤ ਸਸਕਾਰ ਨਹੀਂ ਕਰੇਗੀ ਅਤੇ ਨਾ ਹੀ ਆਪਣੇ ਖਰਚੇ ’ਤੇ ਅਸਥੀਆਂ ਪ੍ਰਵਾਹ ਕਰੇਗੀ। ਉਨ੍ਹਾਂ ਕਿਹਾ ਕਿ ਮੰਤਰੀਆਂ ਵੱਲੋਂ ਪੁੱਡਾ ਦੀਆਂ ਜ਼ਮੀਨਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਰੋਕਣ ਲਈ ਦੁਰਗਿਆਣਾ ਕਮੇਟੀ ਕਾਂਗਰਸ ਸਰਕਾਰ ਖ਼ਿਲਾਫ਼ ਅਦਾਲਤ ਵਿਚ ਰਿਟ ਦਾਇਰ ਕਰੇਗੀ।
ਪੁੱਡਾ ਦੀ ਪ੍ਰਸ਼ਾਸਕ ਪਲਵੀ ਚੌਧਰੀ ਨੇ ਕਿਹਾ ਕਿ ਪੁੱਡਾ ਆਪਣੀ ਜ਼ਮੀਨ ’ਤੇ ਕੋਈ ਪੱਕੀ ਉਸਾਰੀ ਕਰਨ ਦੀ ਆਗਿਆ ਨਹੀਂ ਦੇਵੇਗੀ ਪਰ ਦੁਰਗਿਆਣਾ ਕਮੇਟੀ ਇਸ ਨੂੰ ਲੱਕੜ ਰੱਖਣ ਵਾਸਤੇ ਵਰਤ ਸਕਦੀ ਹੈ। ਇਸ ਜ਼ਮੀਨ ’ਤੇ ਟੀਨਾਂ ਦਾ ਸ਼ੈੱਡ ਪਾਉਣਾ ਅਤੇ ਇਸ ਦੀ ਹੱਦਬੰਦੀ ਕਰਨਾ ਇਤਰਾਜ਼ਯੋਗ ਹੈ। ਇਸ ਲਈ ਇਹ ਕੰਮ ਰੋਕਿਆ ਗਿਆ ਹੈ।
ਦੁਰਗਿਆਣਾ ਕਮੇਟੀ ਵੱਲੋਂ ਸਸਕਾਰ ਕਰਨ ਤੋਂ ਨਾਂਹ
ਦੁਰਗਿਆਣਾ ਕਮੇਟੀ ਨੇ ਅੱਜ ਥਾਣਾ ਏ ਡਿਵੀਜ਼ਨ ਦੀ ਪੁਲੀਸ, ਜੋ ਸਸਕਾਰ ਲਈ ਲਾਵਾਰਸ ਲਾਸ਼ ਲੈ ਕੇ ਆਈ ਸੀ, ਦਾ ਆਪਣੇ ਖਰਚੇ ’ਤੇ ਸਸਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ। ਲਾਸ਼ ਲੈ ਕੇ ਆਏ ਏਐੱਸਆਈ ਪ੍ਰਗਟ ਸਿੰਘ ਨੇ ਆਖਿਆ ਕਿ ਦੁਰਗਿਆਣਾ ਕਮੇਟੀ ਨੇ ਸਸਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਪੁਲੀਸ ਵਿਭਾਗ ਸਸਕਾਰ ਦਾ ਖਰਚਾ ਦੇਣ ਲਈ ਤਿਆਰ ਹੈ। ਉਹ ਇਸ ਸਬੰਧੀ ਆਪਣੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਦੇ ਆਦੇਸ਼ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਕਰੋਨਾ: ਹਫ਼ਤੇ ਦੌਰਾਨ ਤਕੀਪੁਰ ’ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਪਿੰਡ ਤਕੀਪੁਰ ਵਿੱਚ ਹਫ਼ਤੇ ਅੰਦਰ ਕਰੋਨਾ ਕਾਰਨ ਸਾਬਕਾ ਸਰਪੰਚ ਤਿਰਲੋਕ ਸਿੰਘ ਸਮੇਤ ਉਸ ਦੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਤਿਰਲੋਕ ਸਿੰਘ ਦੀ ਮੌਤ ਤੋਂ ਪਹਿਲਾਂ ਉਸ ਦੀ ਵਿਆਹੁਤਾ ਧੀ ਦੀ ਸਹੁਰੇ ਪਿੰਡ ਪਹਿਲੀ ਮਈ ਨੂੰ ਕਰੋਨਾ ਕਾਰਨ ਮੌਤ ਹੋ ਗਈ ਸੀ, ਜੋ ਕਿ ਕੁਝ ਦਿਨ ਪਹਿਲਾਂ ਆਪਣੇ ਪੇਕੇ ਪਿੰਡ ਤਕੀਪੁਰ ਹੋ ਕੇ ਗਈ ਸੀ। ਇਸ ਮਗਰੋਂ ਸਾਬਕਾ ਸਰਪੰਚ ਤਿਰਲੋਕ ਸਿੰਘ ਦੀ 4 ਮਈ ਨੂੰ ਸੁਨਾਮ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ 7 ਮਈ ਨੂੰ ਤਿਰਲੋਕ ਸਿੰਘ ਦੇ ਛੋਟੇ ਪੁੱਤਰ ਹਰਪਾਲ ਸਿੰਘ(47) ਅਤੇ 8 ਮਈ ਨੂੰ ਉਸ ਦੇ ਵੱਡੇ ਪੁੱਤਰ ਜਸਪਾਲ ਸਿੰਘ (52) ਦੀ ਵੀ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰੋਨਾ ਕਾਰਨ ਮੌਤ ਹੋ ਗਈ ਹੈ। ਇਸ ਪਰਿਵਾਰ ਦੇ ਇੱਕ ਜੀਅ ਦਾ ਅੰਗੀਠਾ ਸੰਭਾਲਿਆ ਜਾਂਦਾ ਤਾਂ ਦੂਜੇ ਦੀ ਮੌਤ ਹੋ ਜਾਂਦੀ ਰਹੀ, ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਪਿੰਡ ਦੇ ਦੋ ਹੋਰ ਕਰੋਨਾ ਮਰੀਜ਼ ਇਲਾਜ ਅਧੀਨ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਮਓ ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਹਲਕੇ ’ਚ ਬਿਲਕੁਲ ਵੀ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮਾਮੂਲੀ ਲੱਛਣ ਦਿਖਾਈ ਦੇਣ ’ਤੇ ਕਰੋਨਾ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।