ਜੋਗਿੰਦਰ ਸਿੰਘ ਮਾਨ
ਮਾਨਸਾ, 10 ਦਸੰਬਰ
ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਪੀਆਰਟੀਸੀ ਤੇ ਪਨਬੱਸ ਠੇਕਾ ਕਰਮਚਾਰੀਆਂ ਨੇ ਅੱਜ ਲਗਾਤਾਰ ਚੌਥੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖੀਆਂ।ਠੇਕਾ ਮੁਲਾਜ਼ਮਾਂ ਦੀ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਬੱਸਾਂ ਨਹੀਂ ਚਲਾਉਣਗੇ।
ਉਧਰ ਇਸ ਹੜਤਾਲ ਦੇ ਲਗਾਤਾਰ ਜਾਰੀ ਰਹਿਣ ਨਾਲ ਆਮ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਆਰਟੀਸੀ ਦੇ ਆਗੂ ਨੇ ਦੱਸਿਆ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਮਸਲੇ ਦੇ ਹੱਲ ਲਈ ਛੇਤੀ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨਾਲ ਕੱਲ੍ਹ ਪਨਬੱਸ-ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਫ਼ਦ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਹੜਤਾਲੀ ਕਾਮਿਆਂ ਨੇ ਪੰਜਾਬ ਭਰ ਵਿੱਚ ਆਪਣੇ ਬੱਸ ਅੱਡਿਆਂ ਨੂੰ ਜਾਮ ਕਰਕੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਧਰਨੇ ਆਰੰਭ ਕਰ ਦਿੱਤੇ ਗਏ ਹਨ। ਜਥੇਬੰਦੀ ਦੇ ਆਗੂ ਕਮਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਇਹ ਅੱਡੇ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਕਰਨੇ ਸਨ ਪਰ ਉਹ ਵੇਲਾ ਆਮ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦਾ ਦਫਤਰ ਜਾਣ ਵਾਲਾ ਹੋਣ ਕਰਕੇ ਇਸ ਨੂੰ ਅੱਗੇ ਪਾਇਆ ਗਿਆ।