ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 6 ਅਗਸਤ
ਜ਼ਿਲ੍ਹਾ ਲਿਖਾਰੀ ਸਭਾ ਤੇ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਲੇਖਿਕਾ ਬੀਬੀ ਪਰਮਜੀਤ ਕੌਰ ਸਰਹਿੰਦ ਦੀਆਂ ਨਵੀਆਂ ਪੁਸਤਕਾਂ ‘ਸਿਦਕਵਾਨ ਸਿੱਖ ਬੀਬੀਆਂ’ ਤੇ ‘ਮੌਲ਼ੀ ਦੀਆਂ ਤੰਦਾਂ’ ਪੁਸਤਕਾਂ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਵੱਖੋ-ਵੱਖ ਵਿਦਵਾਨਾਂ ਤੇ ਬੁਲਾਰਿਆਂ ਨੇ ਇਨ੍ਹਾਂ ਕਿਤਾਬਾਂ ਬਾਬਤ ਪਰਚੇ ਪੜ੍ਹੇ ਤੇ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੌਰਾਨ ਪਰਚੇ ਪੜ੍ਹਨ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬੀ ਗਾਇਕ ਬੀਰ ਸਿੰਘ ਨੇ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ ਤੇ ਆਪਣੇ ਗੀਤ ‘ਨਾਨਕ ਦਾ ਪੁੱਤ’ ਨਾਲ ਭਰਵੀਂ ਹਾਜ਼ਰੀ ਲਗਵਾਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੇਖਿਕਾ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਕਿਤਾਬ ਮੌਲੀ ਦੀਆਂ ਤੰਦਾਂ ਵਿੱਚ ਉਨ੍ਹਾਂ ਨੇ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਦੇ ਰੰਗਾਂ ਨੂੰ ਸ਼ਬਦ ਰੂਪੀ ਧਾਗਿਆਂ ਦਾ ਰੂਪ ਦੇ ਕਿ ਇੱਕ ਮੌਲੀ ਬਣਾਉਣ ਦਾ ਯਤਨ ਕੀਤਾ ਹੈ।
ਬੀਬੀ ਸਰਹਿੰਦ ਨੇ ਦੱਸਿਆ ਕਿ ਪੁਸਤਕ ‘ਸਿਦਕਵਾਨ ਸਿੱਖ ਬੀਬੀਆਂ’ ਵਿੱਚ ਬੇਬੇ ਨਾਨਕੀ ਤੋਂ ਲੈ ਕੇ ਮਾਤਾ ਖੀਵੀ, ਮਾਤਾ ਗੰਗਾ, ਮਾਤਾ ਨਾਨਕੀ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਸਾਹਿਬ ਕੌਰ ਤੇ ਬੀਬੀ ਪ੍ਰੇਮੋ ਦੀ ਜ਼ਿੰਦਗੀ ਦੇ ਅਹਿਮ ਹਿੱਸਿਆਂ ਨੂੰ ਸ਼ਬਦਾਂ ਦਾ ਰੂਪ ਦੇਣ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਦੀ ਜਨਰਲ ਸਕੱਤਰ ਤੇ ਪ੍ਰੋਫੈਸਰ ਡਾ. ਜਸਵੀਰ ਕੌਰ ਅਤੇ ਲੈਕਚਰਾਰ ਡਾ. ਆਸ਼ਾ ਕਿਰਨ ਨੇ ਕਿਤਾਬ ’ਤੇ ਪਰਚੇ ਪੜ੍ਹਦਿਆਂ ਲੇਖਿਕਾ ਦੀ ਲਿਖਣ ਸ਼ੈਲੀ ਤੇ ਵੱਖੋ ਵੱਖ ਘਟਨਾਵਾਂ ਨੂੰ ਆਧਾਰ ਬਣਾ ਕੇ ਸਿਰਜੀਆਂ ਸ਼ਬਦਾਂ ਰੂਪੀ ਤੰਦਾਂ ਉੱਤੇ ਚਾਨਣਾ ਪਾਇਆ। ਸਹਾਇਕ ਲੋਕ ਸੰਪਰਕ ਅਫ਼ਸਰ ਸਤਿੰਦਰਪਾਲ ਸਿੰਘ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੀਬੀ ਪਰਮਜੀਤ ਕੌਰ ਦੇ ਪਤੀ ਊਧਮ ਸਿੰਘ, ਬੇਟੀਆਂ ਡਾ.ਸਨਦੀਪ ਕੌਰ, ਅਵਿਨਾਸ਼ ਕੌਰ, ਗੁਰਅਨੂਪ ਸਿੰਘ ਆਦਿ ਹਾਜ਼ਰ ਸਨ।