ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਅਤੇ ਨੌਜਵਾਨ ਭਾਰਤ ਸਭਾ ਨੇ ਮੋਗਾ ਗੋਲੀ ਕਾਂਡ ਦੀ 50ਵੀਂ ਵਰ੍ਹੇਗੰਢ 6 ਅਕਤੂਬਰ ਨੂੰ ਰੀਗਲ ਸਿਨੇਮਾ ਮੋਗਾ ਵਿੱਚ ਮਨਾਉਣ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਬਰਨਾਲਾ ’ਚ ਕੀਤੀ ਜਾ ਰਹੀ ਸੂਬਾਈ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਦੱਸਿਆ ਕਿ ਦੋਵੇਂ ਜਥੇਬੰਦੀਆਂ ਦੀ ਮੂਨਕ ’ਚ ਹੋਈ ਮੀਟਿੰਗ ਦੌਰਾਨ ਇਹ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੁਲਕ ਵਿਚ ਵੱਖ-ਵੱਖ ਹਾਕਮ ਜਮਾਤੀ ਪਾਰਟੀਆਂ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਸੱਤਾ ਪ੍ਰਾਪਤੀ ਲਈ ਵਰਤਦੀਆਂ ਆਈਆਂ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੀ ਲੋਕਾਂ ਨੂੰ ਭਗਤ ਸਿੰਘ ਦੇ ਬਸੰਤੀ ਰੰਗ ਤੇ ਇਨਕਲਾਬ ਦੇ ਨਾਅਰੇ ਰਾਹੀਂ ਭਰਮਾ ਕੇ ਸੱਤਾ ‘ਚ ਪਹੁੰਚਣ ‘ਚ ਕਾਮਯਾਬ ਰਹੀ ਹੈ। ਪੀਐੱਸਯੂ (ਸ਼ਹੀਦ ਰੰਧਾਵਾ) ਦੇ ਆਗੂ ਅਮਿਤੋਜ ਮੌੜ ਨੇ ਕਿਹਾ ਕਿ ਮੋਗਾ ਗੋਲੀ ਕਾਂਡ ਦੀ 50ਵੀਂ ਵਰ੍ਹੇਗੰਢ ਮੋਗਾ ਰੀਗਲ ਸਿਨੇਮਾ ਵਿੱਚ ਮਨਾਈ ਜਾਵੇਗੀ।