ਪੱਤਰ ਪ੍ਰੇਰਕ
ਚੰਡੀਗੜ੍ਹ, 27 ਅਪਰੈਲ
ਪੀ.ਐੱਸ.ਆਈ.ਈ.ਸੀ. ਸਟਾਫ਼ ਐਸੋਸੀਏਸ਼ਨ ਦੇ ਸੱਦੇ ’ਤੇ ਸੈਕਟਰ-17 ਸਥਿਤ ਉਦਯੋਗ ਭਵਨ ਵਿਚ ਮੁਲਾਜ਼ਮਾਂ ਵੱਲੋਂ ਗੇਟ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਦਫ਼ਤਰ ਦੇ ਸਮੂਹ ਕਰਮਚਾਰੀ ਅਤੇ ਨਿਗਮ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਮੁਲਾਜ਼ਮਾਂ ਨੇ ਨਿਗਮ ਦੇ ਕੰਮਕਾਜ ਦੇ ਡਿੱਗ ਰਹੇ ਮਿਆਰ, ਦੁਰਪ੍ਰਬੰਧ ਅਤੇ ਨਿਗਮ ਵਿੱਚ ਫੈਲੇ ਭਾਈ-ਭਤੀਜਾਵਾਦ ਵਿਰੁੱਧ ਨਾਅਰੇਬਾਜ਼ੀ ਕੀਤੀ। ਸਟਾਫ ਐਸੋਸੀਏਸ਼ਨ ਦੇ ਆਗੂਆਂ ਤਾਰਾ ਸਿੰਘ, ਬਲਵੰਤ ਸਿੰਘ, ਹਰਕੇਸ਼ ਰਾਣਾ, ਦੀਪਾ ਰਾਮ, ਰਣਜੋਧ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਵਧੀਕ ਮੁੱਖ ਸਕੱਤਰ ਨੂੰ ਨਿਗਮ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਸੀ ਪਰ ਕੋਈ ਗੌਰ ਨਹੀਂ ਕੀਤਾ ਗਿਆ। ਅਜਿਹਾ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਨਿਗਮ ਨੂੰ ਦੀਵਾਲੀਆ ਐਲਾਨ ਕੇ ਬੰਦ ਕੀਤਾ ਜਾ ਸਕੇ। ਉਨ੍ਹਾਂ ਐਲਾਨ ਕੀਤਾ ਕਿ ਨਿਗਮ ਮੁਲਾਜ਼ਮ ਅਗਲੇ ਹਫ਼ਤੇ ਲਗਾਤਾਰ ਧਰਨੇ ਦੇਣਗੇ।