ਸਤਵਿੰਦਰ ਬਸਰਾ
ਲੁਧਿਆਣਾ, 2 ਅਪਰੈਲ
ਕਰੋਨਾ ਮਹਾਮਾਰੀ ਕਰਕੇ ਪਹਿਲਾਂ ਹੀ ਪ੍ਰੀਖਿਆਵਾਂ ਕੁਝ ਦੇਰੀ ਨਾਲ ਹੋ ਰਹੀਆਂ ਹਨ ਅਤੇ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀਐੱਸਈਬੀ) ਵੱਲੋਂ ਬਾਰ੍ਹਵੀਂ ਜਮਾਤ ਲਈ ਜਾਰੀ ਕੀਤੀ ਗਈ ਡੇਟਸ਼ੀਟ ਤਹਿਤ ਗਣਿਤ ਅਤੇ ਵੋਕੇਸ਼ਨਲ ਦੇ ਪੇਪਰ ਇੱਕੋ ਦਿਨ ਹੋਣ ਕਾਰਨ ਵਿਦਿਆਰਥੀ ਦੁਚਿੱਤੀ ਵਿਚ ਦਿਖਾਈ ਦੇ ਰਹੇ ਹਨ। ਪੀਐੱਸੀਬੀ ਦੇ ਪ੍ਰੀਖਿਆ ਕੰਟਰੋਲਰ ਨੇ ਜਲਦੀ ਹੀ ਇਸ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ।
ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ਅਨੁਸਾਰ 22 ਅਪਰੈਲ ਨੂੰ ਪਹਿਲੀ ਪ੍ਰੀਖਿਆ ਹੋਮ ਸਾਇੰਸ ਅਤੇ ਆਖ਼ਰੀ 23 ਮਈ ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੀ ਹੈ। ਇਸ ਦੌਰਾਨ 21 ਮਈ ਨੂੰ ਗਣਿਤ ਦਾ ਪੇਪਰ ਹੈ ਪਰ ਇਸੇ ਹੀ ਦਿਨ ਵੋਕੇਸ਼ਨਲ ਵਾਲੇ ਵਿਦਿਆਰਥੀਆਂ ਦਾ ਵੀ ਪੇਪਰ ਹੈ। ਇੱਕੋ ਹੀ ਦਿਨ ਦੋਵੇਂ ਪੇਪਰ ਆਉਣ ਕਰਕੇ ਵੋਕੇਸ਼ਨਲ ਦੇ ਉਨ੍ਹਾਂ ਵਿਦਿਆਰਥੀਆਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ, ਜਿਨ੍ਹਾਂ ਨੇ ਗਣਿਤ ਨੂੰ ਵਾਧੂ ਵਿਸ਼ੇ ਵਜੋਂ ਰੱਖਿਆ ਹੈ। ਵੋਕੇਸ਼ਨਲ ਸਟਾਫ ਐਸੋਸੀਏਸ਼ਨ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਬੋਰਡ ਵੱਲੋਂ ਇਸ ਸਬੰਧੀ ਕੋਈ ਨਵਾਂ ਪੱਤਰ ਜਾਰੀ ਨਹੀਂ ਕੀਤਾ ਗਿਆ।
ਪ੍ਰੀਖਿਆ ਕੰਟਰੋਲਰ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ। ਇਸ ਸਬੰਧੀ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਕੋਈ ਨਾ ਕੋਈ ਢੁਕਵਾਂ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੋਣ ਦਿੱਤਾ ਜਾਵੇਗਾ।