ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ
ਕਰੋਨਾ ਸੰਕਟ ਦੌਰਾਨ ਲੋਕਾਂ ਦੀ ਸੁਵਿਧਾ ਲਈ ਪੀਆਰਟੀਸੀ ਵੱਲੋਂ ਭਾਵੇਂ ਸੂਬੇ ’ਚ 1,100 ਬੱਸਾਂ ਵਿੱਚੋਂ ਵੱਖ-ਵੱਖ ਰੂਟਾਂ ’ਤੇ ਚਾਰ ਸੌ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਸਵਾਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਰੋਨਾ ਦੇ ਖੌਫ਼ ਕਰਕੇ ਲੋਕ ਬੱਸ ਸਫ਼ਰ ਤੋਂ ਡਰ ਰਹੇ ਹਨ।
ਕਰੋਨਾ ਸੰਕਟ ਦੌਰਾਨ ਕਰੋੜਾਂ ਦਾ ਵਿੱਤੀ ਨੁਕਸਾਨ ਝੱਲ ਚੁੱਕੀ ਪੀਆਰਟੀਸੀ ਹੁਣ ਫੂਕ-ਫੂਕ ਕੇ ਕਦਮ ਰੱਖ ਰਹੀ ਹੈ। ਡੀਜ਼ਲ ਦਾ ਖ਼ਰਚਾ ਪੂਰਾ ਕਰਨ ਦੇ ਮਨੋਰਥ ਨਾਲ ਹੁਣ ਘੱਟੋ-ਘੱਟ 20 ਸਵਾਰੀਆਂ ਚੜ੍ਹਨ ਮਗਰੋਂ ਹੀ ਬੱਸ ਤੋਰੀ ਜਾਂਦੀ ਹੈ। ਅਦਾਰੇ ਦੇ ਭੀੜ-ਭੜੱਕੇ ਵਾਲੇ ਰੂਟਾਂ ’ਤੇ ਤਾਂ ਇਸ ਤੋਂ ਵੀ ਵੱਧ ਸਵਾਰੀਆਂ ਦੀ ਝਾਕ ਰੱਖਦਿਆਂ, ਕਾਊਂਟਰ ’ਤੇ ਹੀ ਵੱਧ ਸਮਾਂ ਲਾ ਲਿਆ ਜਾਂਦਾ ਹੈ ਤੇ ਸਮਾਂ-ਸਾਰਨੀ ਵੀ ਲੜਖੜਾ ਜਾਂਦੀ ਹੈ। ਪਹਿਲਾਂ ਚੜ੍ਹੀਆਂ ਸਵਾਰੀਆਂ ਗਰਮੀ ’ਚ ਬੈਠੀਆਂ ਅੱਕ ਤੇ ਥੱਕ ਜਾਂਦੀਆਂ ਹਨ। ਮੰਜ਼ਿਲ ’ਤੇ ਪੁੱਜਣ ਦਾ ਕੋਈ ਨਿਰਧਾਰਿਤ ਸਮਾਂ ਨਾ ਰਹਿਣ ਕਾਰਨ ਕਈਆਂ ਦੇ ਅਗਲੇ ਪ੍ਰੋਗਰਾਮ ਜਾਂ ਵਿਉਂਤਬੰਦੀ ਖੁੰਝ ਜਾਂਦੀ ਹੈ। ਟਿਕਟਾਂ ਵੀ ਚੜ੍ਹਨ ਤੋਂ ਪਹਿਲਾਂ ਹੀ ਕੱਟ ਦਿੱਤੀਆਂ ਜਾਂਦੀਆਂ ਹਨ, ਜਿਸ ਕਰਕੇ ਸਵਾਰੀਆਂ ਤੇ ਸਟਾਫ ਵਿਚਾਲੇ ਤਕਰਾਰ ਵੀ ਅਕਸਰ ਵਾਪਰਦਾ ਹੈ। 20 ਸਵਾਰੀਆਂ ਪੂਰੀਆਂ ਹੋਣ ਦੀ ਉਡੀਕ ਦੌਰਾਨ ਖਾਸ ਕਰਕੇ ਔਰਤਾਂ ਵੱਲੋਂ ਕੁੱਛੜ ਚੁੱਕੇ ਬਾਲ ਵਧੇਰੇ ਹਾਲ-ਦੁਹਾਈ ਪਾਉਂਦੇ ਹਨ। ਸਵਾਰੀਆਂ ਜਦੋਂ ਕੰਡਕਟਰ ਦੇ ਗਲ਼ ਪੈਂਦੀਆਂ ਹਨ ਤਾਂ ਉਹ ਉਨ੍ਹਾਂ ਨੂੰ ਅੱਡਾ ਇੰਚਾਰਜ ਦੇ ਸਿਰ ਲਾ ਦਿੰਦਾ ਹੈ। ਅੱਡਾ ਇੰਚਾਰਜ ਵੀ ਬੱਸ ਕੋਲ ਚੱਕਰ ਲਾਉਂਦਿਆਂ ਦਿਲਾਸਾ ਦੇ ਕੇ ਪਰਤ ਜਾਂਦਾ ਹੈ ਹੈ ਪਰ ਬੱਸ ਨਿਰਧਾਰਿਤ ਸਵਾਰੀਆਂ ਚੜ੍ਹਨ ’ਤੇ ਹੀ ਤੁਰਦੀ ਹੈ। ਇਹ ਵਰਤਾਰਾ ਦਿਨ ਭਰ ਚੱਲਦਾ ਰਹਿੰਦਾ ਹੈ। ਪਾਤੜਾਂ ਵਾਲੀ ਬੱਸ ’ਚ ਬੈਠੇ ਬਲਦੇਵ ਸਿੰਘ, ਕੁਲਵਿੰਦਰ ਸਿੰਘ ਤੇ ਕਸ਼ਮੀਰੀ ਲਾਲ ਦਾ ਕਹਿਣਾ ਸੀ ਕਿ ਉਹ 35 ਮਿੰਟਾਂ ਤੋਂ ਬੈਠੇ ਹਨ, ਪਰ ਅਜੇ 11 ਸਵਾਰੀਆਂ ਹੋਈਆਂ ਹਨ। ਹੋਰ 9 ਸਵਾਰੀਆਂ ਚੜ੍ਹਨ ਮਗਰੋਂ ਹੀ ਬੱਸ ਤੁਰੇਗੀ। ਰਾਜਪੁਰਾ ਜਾਣ ਵਾਲੀ ਬੱਸ ’ਚ ਬੈਠੀ ਲਖਵਿੰਦਰ ਕੌਰ, ਗੁਰਤੇਜ ਸਿੰਘ, ਭੁਪਿੰਦਰ ਸਿੰਘ ਤੇ ਬਨਵਾਰੀ ਲਾਲ ਨੇ ਕਿਹਾ ਕਿ ਉਹ 25 ਮਿੰਟਾਂ ਤੋਂ ਬੈਠੇ ਹਨ ਪਰ ਸਵਾਰੀਆਂ ਅਜੇ 15 ਹੋਈਆਂ ਹਨ, ਜਿਸ ਕਰਕੇ ਹੋਰ ਸਮਾਂ ਲੱਗੇਗਾ। ਬੱਸ ਸਰਵਿਸ ਅਜੇ ਪੰਜਾਬ ਤੱਕ ਹੀ ਸੀਮਤ ਹੋਣ ਕਾਰਨ ਬਾਹਰਲੇ ਸੂਬਿਆਂ ’ਚ ਜਾਣ ਵਾਲੇ ਮੁਸਾਫ਼ਰਾਂ ਨੂੰ ਵਧੇਰੇ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੂੰ ਅੱਡਿਆਂ ’ਚ ਵੱਧ ਸਮਾਂ ਰੁਕਣ ਸਮੇਤ ਅਗਲੀ ਮੰਜ਼ਿਲ ਤੱਕ ਅੱਪੜਨ ਲਈ ਹੋਰ ਹੀਲੇ-ਵਸੀਲੇ ਕਰਨੇ ਪੈ ਰਹੇ ਹਨ। ਚੰਡੀਗੜ੍ਹ ਜਾਣ ਵਾਲਿਆਂ ਨੂੰ ਜ਼ੀਰਕਪੁਰ, ਅੰਬਾਲਾ ਜਾਣ ਵਾਲਿਆਂ ਨੂੰ ਰਾਜਪੁਰਾ, ਪਿਹੋਵੇ ਜਾਣ ਵਾਲਿਆਂ ਨੂੰ ਦੇਵੀਗੜ੍ਹ-ਘੜਾਮ ਅਤੇ ਜਾਖਲ ਤੇ ਟੋਹਣਾ ਜਾਣ ਵਾਲਿਆਂ ਨੂੰ ਮੂਨਕ ਪੁੱਜ ਕੇ ਹੋਰ ਪ੍ਰ੍ਰਬੰਧ ਕਰਨਾ ਪੈਂਦਾ ਹੈ। ਇਸ ਤਰ੍ਹਾਂ ਬੱਸ ਸਫ਼ਰ ਹਾਲ ਦੀ ਘੜੀ ਕਿਸੇ ਵੱਡੀ ਜੱਦੋ-ਜਹਿਦ ਤੋਂ ਘੱਟ ਨਹੀਂ ਹੈ। ਚੇਅਰਮੈਨ ਕੇ.ਕੇ. ਸ਼ਰਮਾ ਦਾ ਕਹਿਣਾ ਸੀ ਕਿ ਲੋਕਾਂ ਦੀ ਸੁਵਿਧਾ ਲਈ ਘਾਟੇ ਦੇ ਬਾਵਜੂਦ ਪੀਆਰਟੀਸੀ ਬੱਸਾਂ ਚਲਾ ਰਹੀ ਹੈ।