ਖੇਤਰੀ ਪ੍ਰਤੀਨਿਧ
ਪਟਿਆਲਾ 27 ਮਈ
ਪੀਆਰਟੀਸੀ ਦੀਆਂ ਬੱੱਸਾਂ ’ਤੇ ਦਿੱਲੀ ਸਥਿਤ ਕੌਮਾਂਤਰੀ ਏਅਰਪੋਰਟ ਤੱਕ ਜਾਣ ’ਤੇ ਪੌਣੇ ਚਾਰ ਸਾਲ ਪਹਿਲਾਂ ਲੱਗੀ ਪਾਬੰਦੀ ਦੋ ਦਿਨਾਂ ਮਗਰੋਂ ਖੁੱਲ੍ਹਣ ਜਾ ਰਹੀ ਹੈ। ਇਸ ਸਮੇਂ ਦੌਰਾਨ ਪੀਆਰਟੀਸੀ ਨੂੰ 50 ਕਰੋੜ ਤੋਂ ਵੱਧ ਦਾ ਵਿੱੱਤੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪੀਆਰਟੀਸੀ, ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਪੰਜਾਬ ਦੇ ਅੱਧੀ ਦਰਜਨ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਸਨ। ਪਰ ਸਤੰਬਰ 2018 ’ਚ ਏਅਰਪੋਰਟ ਜਾਣ ਵਾਲ਼ੀਆਂ ਸਰਕਾਰੀ ਬੱਸਾਂ ’ਤੇ ਰੋਕ ਲਾ ਦਿਤੀ ਗਈ ਸੀ। ਦਿੱਲੀ ਸਰਕਾਰ ਦਾ ਤਰਕ ਸੀ ਕਿ ਪੰਜਾਬ ਦੀਆਂ ਇਨ੍ਹਾਂ ਸਰਕਾਰੀ ਬੱੱਸਾਂ ਕੋਲ਼ ਦਿੱਲੀ ਦੇ ਮੁੱਖ ਬੱੱਸ ਅੱਡੇ ਤੱਕ ਦਾ ਹੀ ਪਰਮਿਟ ਹੈ। ਇਸ ਤਰ੍ਹਾਂ ਸਤੰਬਰ 2018 ਤੋਂ ਇਹ ਬੱਸਾਂ ਏਅਰਪੋਰਟ ’ਤੇ ਨਹੀਂ ਜਾ ਰਹੀਆਂ ਸਨ। ਉਪਰੰਤ ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕਾਂ ਨੇ ਇਨ੍ਹਾਂ ਪੌਣੇ ਚਾਰ ਸਾਲਾਂ ਦੌਰਾਨ ਖੂਬ ਹੱਥ ਰੰਗੇ।