ਜਸਵੰਤ ਜੱਸ
ਫ਼ਰੀਦਕੋਟ, 24 ਅਪਰੈਲ
ਪੀਆਰਟੀਸੀ ਡਿਪੂ ਫਰੀਦਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ 31 ਨਵੀਆਂ ਬੱਸਾਂ ’ਚੋਂ 15 ਨੂੰ ਲੋੜੀਂਦਾ ਵਿਸ਼ੇਸ਼ ਤੇਲ ਨਾ ਮਿਲਣ ਕਾਰਨ ਬੱਸ ਅੱਡੇ ਵਿੱਚ ਹੀ ਖੜ੍ਹੀਆਂ ਹਨ।
ਸੂਚਨਾ ਅਨੁਸਾਰ ਨਵੀਆਂ ਬੱਸਾਂ ਡੀਜ਼ਲ ’ਤੇ ਚੱਲਦੀਆਂ ਹਨ ਅਤੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਹਰ ਬੱਸ ਵਿੱਚ 60 ਲੀਟਰ ਐਡ ਫਿਊਲ (ਵਿਸ਼ੇਸ਼ ਤੇਲ) ਭਰਿਆ ਜਾਣਾ ਹੈ। ਡਿੱਪੂ ਵਿੱਚ ਇਹ ਤੇਲ ਲੋੜ ਅਨੁਸਾਰ ਉਪਲੱਬਧ ਨਹੀਂ ਹੈ, ਜਿਸ ਕਰਕੇ ਇਹ ਬੱਸਾਂ ਸੜਕਾਂ ’ਤੇ ਚੱਲਣ ਤੋਂ ਅਸਮਰੱਥ ਹਨ।
ਵਿਭਾਗ ਦੇ ਸੂਤਰਾਂ ਅਨੁਸਾਰ ਸੜਕਾਂ ’ਤੇ ਚੱਲ ਰਹੀਆਂ ਬੱਸਾਂ ਵਿੱਚ ਵੀ ਲੋੜੀਂਦਾ ਐਡ ਫਿਊਲ ਕੁਝ ਦਿਨਾਂ ਲਈ ਬਕਾਇਆ ਹੈ। ਇਸ ਤੋਂ ਬਾਅਦ 15 ਹੋਰ ਬੱਸਾਂ ਸੜਕਾਂ ਤੋਂ ਉੱਤਰਨ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਭੇਜੀਆਂ ਗਈਆਂ ਇਹ ਬੱਸਾਂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੰਬੇ ਰੂਟਾਂ ’ਤੇ ਚੱਲਣੀਆਂ ਸਨ, ਜਿਸ ਤੋਂ ਪੀਆਰਟੀਸੀ ਨੂੰ ਰੋਜ਼ਾਨਾ 4 ਲੱਖ ਰੁਪਏ ਆਮਦਨ ਵਧਣ ਦੀ ਸੰਭਾਵਨਾ ਸੀ। ਡਿੱਪੂ ਵਿੱਚ ਪਿਛਲੇ 26 ਦਿਨਾਂ ਤੋਂ ਐਡ ਫਿਊਲ ਖ਼ਤਮ ਹੈ ਅਤੇ ਇਸ ਸਬੰਧੀ ਪੱਤਰ ਵਿਹਾਰ ਹੋਣ ਦੇ ਬਾਵਜੂਦ ਡਿਪੂ ਵਿੱਚ ਬੱਸਾਂ ਲਈ ਲੋੜੀਂਦਾ ਤੇਲ ਨਹੀਂ ਪੁੱਜਿਆ।
ਪੀਆਰਟੀਸੀ ਦੇ ਡਿਪੂ ਇੰਚਾਰਜ ਤਰਸੇਮ ਸਿੰਘ ਨੇ ਕਿਹਾ ਕਿ ਐਡ ਫਿਊਲ ਜਲਦ ਲੈਣ ਲਈ ਵਿਭਾਗ ਨੂੰ ਲਿਖਿਆ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਇਹ ਮਿਲ ਜਾਵੇਗਾ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੀਆਰਟੀਸੀ ਡਿਪੂ ਦੇ ਉੱਚ ਅਧਿਕਾਰੀਆਂ ਦੀ ਇਹ ਕੁਤਾਹੀ ਬਰਦਾਸ਼ਤਯੋਗ ਨਹੀਂ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੇ ਅਧਿਕਾਰੀਆਂ ਨੇ ਜੇ ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਿਭਾਈ ਹੁੰਦੀ ਤਾਂ ਇਹ ਮਸਲਾ ਪੈਦਾ ਹੀ ਨਹੀਂ ਹੋਣਾ ਸੀ। ਵਿਧਾਇਕ ਨੇ ਕਿਹਾ ਕਿ ਪੀਆਰਟੀਸੀ ਦੇ ਕੁਝ ਅਧਿਕਾਰੀ ਨਿੱਜੀ ਟਰਾਂਸਪੋਰਟਰਾਂ ਦੇ ਹੱਥ ਵਿੱਚ ਖੇਡ ਰਹੇ ਹਨ ਅਤੇ ਐਡ ਫਿਊਲ ਦੀ ਘਾਟ ਜਾਣ ਬੁੱਝ ਕੇ ਪੈਦਾ ਕੀਤੀ ਗਈ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਮੁਸਾਫਰਾਂ ਨੂੰ ਸਹੂਲਤ ਦੇਣ ਲਈ ਨਵੀਆਂ ਬੱਸਾਂ ਭੇਜੀਆਂ ਸਨ ਪਰ ਪੀਆਰਟੀਸੀ ਦੇ ਉੱਚ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਮੁਸਾਫਰਾਂ ਨੂੰ ਪੁਰਾਣੀ ਬੱਸਾਂ ’ਤੇ ਸਫ਼ਰ ਕਰਨਾ ਪੈ ਰਿਹਾ ਹੈ।