ਜੋਗਿੰਦਰ ਸਿੰਘ ਮਾਨ
ਮਾਨਸਾ, 12 ਦਸੰਬਰ
ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਬਜ਼ਿੱਦ ਪੀਆਰਟੀਸੀ ਤੇ ਪਨਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਅੱਜ ਛੇਵੇਂ ਦਿਨ ਜਾਰੀ ਰਹੀ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵਲੋਂ ਮੁੜ ਗੱਲਬਾਤ ਦੇ ਨਾ ਆਏ ਸੱਦੇ ਤੋਂ ਅੱਕੇ ਪਨਬੱਸ-ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੇ ਸਾਰੇ 27 ਡਿਪੂਆਂ ਵਿਚ ਹੜਤਾਲ ਰੱਖ ਕੇ ਧਰਨਾ ਲਾਇਆ ਹੋਇਆ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਮਸਲੇ ਦੇ ਹੱਲ ਲਈ ਭਰੋਸਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਜਥੇਬੰਦੀ ਨੇ ਅੱਜ ਲਗਾਤਾਰ ਛੇਵੇਂ ਦਿਨ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਜਥੇਬੰਦੀ ਅਨੁਸਾਰ ਅੱਜ ਪੰਜਾਬ ਭਰ ਦੇ ਸਾਰੇ ਡਿਪੂਆਂ ਵਿਚ ਸਰਕਾਰ ਵਿਰੋਧੀ ਧਰਨੇ ਲਾਏ।