ਜੋਗਿੰਦਰ ਸਿੰਘ ਮਾਨ
ਮਾਨਸਾ, 9 ਦਸੰਬਰ
ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਬਜ਼ਿੱਦ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਜ਼ਮਾਂ ਨੇ ਅੱਜ ਲਗਾਤਾਰ ਤੀਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖੀਆਂ। ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ ਹੈ, ਸਗੋੱ ਹੜਤਾਲੀਆਂ ਨੂੰ ਕੰਮ ‘ਤੇ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਹਟਾਉਣ ਸਮੇਤ ਪੁਲੀਸ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਝੁਨੀਰ ਨੇ ਦੱਸਿਆ ਕਿ ਮੰਗਾਂ ਨਾ ਮੰਨਣ ਤੱਕ ਹੜਤਾਲ ਜਾਰੀ ਰਹੇਗੀ। 10 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਅੱਗੇ ਧਰਨਾ ਲਾਇਆ ਜਾਵੇਗਾ। ਉਧਰ ਇਸ ਹੜਤਾਲ ਕਾਰਨ ਲੋਕਾਂ ਨੂੰ ਸਫ਼ਰ ਕਰਨ ਲਈ ਭਾਰੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਲਾਹਾ ਪ੍ਰਾਈਵੇਟ ਅਪਰੇਟਰ ਚੁੱਕ ਰਹੇ ਹਨ।