ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜੁਲਾਈ
ਦਮਦਮੀ ਟਕਸਾਲ ਅਤੇ ਹੋਰ ਪੰਥਕ ਜਥੇਬੰਦੀਆਂ ਦੀ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧੜਿਆਂ ਨਾਲ ਹੋ ਰਹੀ ਨੇੜਤਾ ਕਾਰਨ ਆਉਣ ਵਾਲੇ ਸਮੇਂ ਵਿੱਚ ਸੂਬੇ ’ਚ ਪੰਥਕ ਅਤੇ ਸਿਆਸੀ ਸਮੀਕਰਨ ਬਦਲ ਸਕਦੇ ਹਨ, ਜੋ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹੋ ਸਕਦੇ ਹਨ। ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਦਿੱਲੀ ਕਮੇਟੀ ਦੇ ਆਗੂਆਂ ਨੇ ਉੱਥੇ ਇੱਕ ਵੱਖਰੀ ਜਥੇਬੰਦੀ ਬਣਾ ਲਈ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਨਾਂ ਦਿੱਤਾ ਗਿਆ ਹੈ। ਇਸ ਨਵੀਂ ਜਥੇਬੰਦੀ ਨੂੰ ਪਾਰਟੀ ਚਿੰਨ੍ਹ ਵੀ ਮਿਲ ਗਿਆ ਹੈ, ਜਿਸ ਮਗਰੋਂ ਰੱਖੇ ਗਏ ਸਮਾਗਮ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਪੁੱਜੇ ਸਨ, ਜਿਨ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਲ ਨੇੜਤਾ ਜਤਾਈ ਹੈ। ਦਮਦਮੀ ਟਕਸਾਲ ਦੇ ਮੁਖੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਰਹੇ ਹਨ। ਉਨ੍ਹਾਂ ਅਕਾਲੀ ਦਲ ਨਾਲ 2011 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜੀਆਂ ਸਨ, ਜਿਸ ਵਿੱਚ ਦੋਵਾਂ ਧਿਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਉਹ ਵਿਧਾਨ ਸਭਾ ਚੋਣਾਂ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੰਦੇ ਰਹੇ ਹਨ।
ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਸੰਗਰੂਰ ਜ਼ਿਮਨੀ ਚੋਣ ਵਿੱਚ ਵੀ ਹਾਰ ਮਿਲੀ ਹੈ, ਜਿਸ ਮਗਰੋਂ ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਉੱਠਣ ਲੱਗੀ ਹੈ। ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਦਮਦਮੀ ਟਕਸਾਲ ਦੇ ਮੁਖੀ ਦਾ ਇੱਕ ਵਾਰ ਦਿੱਲੀ ਕਮੇਟੀ ਦੇ ਸਮਾਗਮ ਵਿੱਚ ਸ਼ਾਮਲ ਹੋਣਾ ਇਹ ਸਾਬਤ ਨਹੀਂ ਕਰਦਾ ਕਿ ਉਹ ਅਕਾਲੀ ਦਲ ਤੋਂ ਦੂਰ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹ ’ਤੇ ਲਿਆਉਣ ਸਬੰਧੀ ਨੀਤੀ ਉਲੀਕੀ ਗਈ ਹੈ ਅਤੇ ਜਥੇਬੰਦੀ ਨਾਲ ਸਬੰਧਤ ਵੱਖ ਵੱਖ ਗਰੁੱਪਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ। ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਇੰਝ ਨਿੱਜੀ ਤੌਰ ’ਤੇ ਕੀਤੀ ਗਈ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਅਕਾਲੀ ਲੀਡਰਸ਼ਿਪ ਨੂੰ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਹਨ: ਪੰਜੋਲੀ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਮਗਰੋਂ ਪਾਰਟੀ ਦੀ ਸਾਖ ਨੂੰ ਢਾਹ ਲੱਗੀ ਹੈ, ਇਸੇ ਕਾਰਨ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਉੱਠ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਅੱਗੇ ਸਮਰਪਿਤ ਹੁੰਦਿਆਂ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਹਨ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਨਵੀਂ ਲੀਡਰਸ਼ਿਪ ਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਮੰਨਿਆ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਦੀ ਸਾਖ਼ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਰਾਸ਼ਟਰਪਤੀ ਚੋਣ ਵੇਲੇ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਲੀਹ ਤੋਂ ਹਟ ਕੇ ਲਏ ਫ਼ੈਸਲੇ ਦਾ ਹਵਾਲਾ ਵੀ ਦਿੱਤਾ ਹੈ।