ਗੁਰਬਖਸ਼ਪੁਰੀ
ਤਰਨ ਤਾਰਨ, 11 ਮਈ
ਹਰੀਕੇ ਦੀ ਦਾਣਾ ਮੰਡੀ ਵਿੱਚ ਪੱਲੇਦਾਰ ਯੂਨੀਅਨ ਦੇ ਆਗੂ ਜਸਬੀਰ ਸਿੰਘ ਜਿਊਣਕੇ ਦੀ ਅਗਵਾਈ ਵਿੱਚ ਅੱਜ ਰੋਸ ਵਿਖਾਵਾ ਕਰਕੇ ਐੱਫ਼ਸੀਆਈ ਵੱਲੋਂ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ (ਲਿਫਟਿੰਗ) ਕਰਨ ਵਿੱਚ ਕੀਤੀ ਜਾ ਰਹੀ ਦੇਰੀ ਦੀ ਨਿਖੇਧੀ ਕੀਤੀ ਗਈ| ਜਥੇਬੰਦੀ ਨੇ ਅਦਾਰੇ ਦੇ ਅਧਿਕਾਰੀਆਂ ਨੂੰ ਲਿਫਟਿੰਗ ਵਿੱਚ ਹੋਰ ਦੇਰੀ ਕਰਨ ’ਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਵੀ ਦਿੱਤੀ| ਇਸ ਮੌਕੇ ਸੀਪੀਆਈ ਦੇ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਣਕ ਦੀ ਚੁਕਾਈ ਵਿੱਚ ਕੀਤੀ ਜਾ ਰਹੀ ਦੇਰੀ ਕਰਕੇ ਪੱਲੇਦਾਰਾਂ ਨੂੰ ਕਣਕ ਦੀਆਂ ਢੇਰੀਂਆਂ ਦੀ ਖ਼ੁਦ ਰਾਖੀ ਕਰਨੀ ਪੈ ਰਹੀ ਹੈ ਅਤੇ ਜਿਸ ਲਈ ਉਨ੍ਹਾਂ ਨੂੰ ਕੋਈ ਭੱਤਾ ਨਹੀਂ ਦਿੱਤਾ ਜਾਂਦਾ| ਉਨ੍ਹਾਂ ਕਿਹਾ ਕਿ ਕਈ ਦਿਨਾਂ ਤੱਕ ਧੁੱਪ ਵਿੱਚ ਕਣਕ ਦੀਆਂ ਬੋਰੀਆਂ ਦੇ ਰਹਿਣ ਕਰਕੇ ਕਣਕ ਦਾ ਦਾਣਾ ਵੀ ਬਦਰੰਗ ਹੋ ਜਾਂਦਾ ਹੈ| ਇਸ ਮੌਕੇ ਕੁਲਦੀਪ ਸਿੰਘ, ਅਨਵਰ ਸਿੰਘ, ਸੁਖਵਿੰਦਰ ਸਿੰਘ, ਦੀਨਾ ਪ੍ਰਧਾਨ ਤੇ ਸੋਨੀ ਨੇ ਵੀ ਸੰਬੋਧਨ ਕੀਤਾ|