ਅਵਿਨਾਸ਼ ਸ਼ਰਮਾ
ਨੂਰਪੁਰਬੇਦੀ, 1 ਮਾਰਚ
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸਕੱਤਰ ਵੱਲੋਂ ਲੁਕਵੇਂ ਢੰਗ ਨਾਲ ਈ-ਪੰਜਾਬ ਦੇ ਪੋਰਟਲ ’ਤੇ ਸਰਕਾਰੀ ਸਕੂਲਾਂ ਵਿੱਚੋਂ ਮੰਨਜ਼ੂਰਸ਼ੁਦਾ ਅਸਾਮੀਆਂ ਖਤਮ ਕਰਕੇ ਲੋੜਵੰਦਾਂ ਕੋਲੋਂ ਸਿੱਖਿਆ ਦਾ ਹੱਕ ਖੋਹਣ ਲਈ ਕੀਤੇ ਗਏ ਨਾਦਰਸ਼ਾਹੀ ਫੈ਼ਸਲੇ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸਕੱਤਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਅਸਾਮੀਆਂ ਖਤਮ ਕਰਨ ਦ ਨੋਟੀਫਿਕੇਸ਼ਨ ਦੀਆਂ ਕਾਪੀਆਂ ਕੱਢਵਾ ਕੇ ਸਾੜੀਆਂ ਗਈਆਂ। ਇਸ ਲੜੀ ਤਹਿਤ ਜ਼ਿਲ੍ਹਾ ਰੋਪੜ ਦੇ ਵੱਖ-ਵੱਖ ਸਕੂਲਾਂ ਵਿੱਚ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਵਸ਼ਿੰਗਟਨ ਸਿੰਘ ਸਮੀਰੋਵਾਲ, ਮਾਲਵਾ ਜ਼ੋਨ ਪ੍ਰਧਾਨ ਮੁਹਿੰਦਰ ਸਿੰਘ ਰਾਣਾ ਤੇ ਸੂਬਾ ਸੰਯੁਕਤ ਸਕੱਤਰ ਕਮਲਜੀਤ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਪਿਛਲੇ ਸਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸਬੰਧੀ ਗੰਭੀਰਤਾ ਨਾਲ ਉਪਰਾਲੇ ਕਰਕੇ ਸਾਰਥਕ ਨਤੀਜੇ ਕੱਢੇ ਹਨ, ਪਰ ਸਿੱਖਿਆ ਸਕੱਤਰ ਵੱਲੋਂ ਅਸਾਮੀਆਂ ਖਤਮ ਕਰ ਕੇ ਅਧਿਆਪਕ ਵਰਗ ਨਾਲ ਅੰਨਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਐਕਸ਼ਨ ਤੋਂ ਬਾਅਦ ਜੇ ਸਿੱਖਿਆ ਸਕੱਤਰ ਵੱਲੋਂ ਈ ਪੰਜਾਬ ਦੇ ਪੋਰਟਲ ’ਤੋਂ ਸੈਂਕਸ਼ਨਡ ਅਸਾਮੀਆਂ ਵਿੱਚ ਸੋਧ ਨਾ ਕੀਤੀ ਤਾਂ ਜਲਦੀ ਹੀ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ ਜਾਣਗੇ ਤੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਸਿੱਖਿਆ ਸਕੱਤਰ ਦੇ ਦਫ਼ਤਰ ਮੁਹਾਲੀ ਵਿਚ ਕੀਤਾ ਜਾਵੇਗਾ।
ਕਿਥੇ ਕਿੰਨੀਆਂ ਅਸਾਮੀਆਂ ਖਤਮ ਹੋਈਆਂ
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੂਸਾਪੁਰ ਸਕੂਲ ਚੋਂ 2, ਅਟਾਰੀ ਸਕੂਲ ਤੋਂ 10, ਥਲੂਹ ਸਕੂਲ ਤੋਂ 4, ਨੂਰਪੁਰ ਲੜਕੇ ਸਕੂਲ ’ਚੋਂ 4, ਮਲਿਕਪੁਰ ਸਕੂਲ ’ਚੋਂ 2, ਮੀਆਂਪੁਰ ’ਚ 4, ਨੂਰਪੁਰਬੇਦੀ ਲੜਕੀਆਂ ’ਚ 7, ਭਲਾਣ ’ਚ 6, ਮਾਣਕੂਮਾਜਰਾ ’ਚ 5, ਝੱਲੀਆਂ ’ਚ 3, ਅਗੰਮਪੁਰ ’ਚ 4, ਕਲਿੱਤਰਾਂ ’ਚ 2 ਤੇ ਭੰਗਲਾਂ ’ਚ 2 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਕੀ ਹਰੇਕ ਸਕੂਲਾਂ ਵਿੱਚ ਵੀ ਵੱਡੀ ਗਿਣਤੀ ਚ ਪੋਸਟਾਂ ਖਤਮ ਹੋਈਆਂ ਹਨ ।