ਪੱਤਰ ਪ੍ਰੇਰਕ
ਬਨੂੜ, 14 ਸਤੰਬਰ
ਬਨੂੜ ਖੇਤਰ ਵਿੱਚ ਝੋਨੇ ਦੇ ਬੂਟਿਆਂ ਦੇ ਮਧਰੇ ਰਹਿਣ ਕਾਰਨ ਨੁਕਸਾਨੀ ਗਈ ਝੋਨੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਿਸਾਨ ਸਭਾ ਨੇ ਅੱਜ ਬਨੂੜ ਦੇ ਸਬ ਤਹਿਸੀਲ ਕੰਪਲੈਕਸ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਉਨ੍ਹਾਂ ਨਾਇਬ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਮ ਵਾਲਾ ਮੰਗ ਪੱਤਰ ਵੀ ਸੌਂਪਿਆ। ਕਿਸਾਨ ਸਭਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਮਾਰੀ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਕਿਸਾਨ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।
ਇਸ ਮੌਕੇ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਰਾਜੋਮਾਜਰਾ, ਪ੍ਰੇਮ ਸਿੰਘ ਘੜਾਮਾਂ, ਜਾਗੀਰ ਸਿੰਘ ਹੰਸਾਲਾ, ਮੋਹਨ ਸਿੰਘ ਸੋਢੀ, ਗੁਰਮੇਲ ਸਿੰਘ ਬੂਟਾਸਿੰਘ ਵਾਲਾ, ਗੁਰਮੁਖ ਸਿੰਘ ਹੁੰਭੜਾ, ਦੇਵ ਸਿੰਘ, ਅਮਰਜੀਤ ਸਿੰਘ ਤੇ ਕਾਮਰੇਡ ਹਰੀ ਮੋਹਨ ਆਦਿ ਨੇ ਆਖਿਆ ਕਿ ਇਸ ਖੇਤਰ ਵਿੱਚ ਪੀਆਰ-131 ਬੀਜ ਵਾਲੇ ਝੋਨੇ ਦਾ 70 ਤੋਂ 80 ਫ਼ੀਸਦੀ ਤੱਕ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਕਈ ਬੀਜਾਂ ਨੂੰ ਵੀ ਇਹ ਰੋਗ ਹੈ। ਝੋਨਾ ਨਿੱਸਰਿਆ ਵੀ ਨਹੀਂ ਹੈ ਤੇ ਕਿਸਾਨ ਝੋਨਾ ਵਾਹੁਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸਨ ਨੂੰ ਦਰਖਾਸਤਾਂ ਦੇ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਕਿਸਾਨ ਸਭਾ ਨੇ ਇਸ ਮੌਕੇ ਲੰਪੀ ਸਕਿਨ ਨੂੰ ਮਹਾਂਮਾਰੀ ਐਲਾਨਣ, ਬਿਮਾਰੀ ਨਾਲ ਮਰੇ ਪਸ਼ੂ ਧਨ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ, ਮਰੇ ਹੋਏ ਪਸ਼ੂਆਂ ਨੂੰ ਦਬਾਉਣ ਦਾ ਪ੍ਰਬੰਧ ਕਰਨ ਅਤੇ ਬਨੂੜ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ 20 ਸਤੰਬਰ ਤੋਂ ਆਰੰਭ ਕਰਨ ਦੀ ਮੰਗ ਵੀ ਕੀਤੀ।
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕਣਕ, ਝੋਨੇ ਦੀ ਫ਼ਸਲ ਵਿੱਚ ਚਾਈਨਾ ਵਾਇਰਸ ਅਤੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਨੂੰ ਲੈ ਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਦੀ ਅਗਵਾਈ ’ਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਉਪਰੰਤ ਜਥੇਬੰਦੀ ਦੇ ਜ਼ਿਲ੍ਹਾ ਯੂਥ ਕਨਵੀਨਰ ਗੁਰਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਬਲਾਕ ਪ੍ਰਧਾਨ ਗੁਰਦੀਪ ਸਿੰਘ ਕੋਟਲਾ, ਪਰਕਾਸ਼ ਸਿੰਘ ਬੱਬਲ, ਬਲਦੇਵ ਸਿੰਘ ਮੁੱਲਾਂਪੁਰ ਅਤੇ ਮਨਜੀਤ ਸਿੰਘ ਸਾਦਿਕਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੰਪੀ ਸਕਿਨ ਦੀ ਬਿਮਾਰੀ ਕਾਰਨ ਮਰਨ ਵਾਲੇ ਪਸ਼ੂਆਂ ਤੇ ਕਿਸਾਨਾਂ ਦੀ ਖਰਾਬ ਹੋਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ।