ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਇਸਤਰੀ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਹਾਥਰਸ ਜਬਰ ਜਨਾਹ, ਬੱਚੀਆਂ ਨਾਲ ਬਲਾਤਕਾਰ ਤੇ ਹੱਤਿਆਵਾਂ, ਪੰਜਾਬ ਤੇ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਔਰਤਾਂ ਵਿਰੁੱਧ ਵਧ ਰਹੀ ਹਿੰਸਾ ਖ਼ਿਲਾਫ਼ ਪੰਜਾਬ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਮੁਜ਼ਾਹਰਾਕਾਰੀਆਂ ਨੇ ਯੋਗੀ ਆਦਿੱਤਿਆ ਨਾਥ ਦੇ ਅਸਤੀਫ਼ੇ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਰਵੱਈਏ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ। ਭਾਰਤੀ ਮਹਿਲਾ ਕਮਿਸ਼ਨ ਦੀ ਕੌਮੀ ਸਕੱਤਰ ਡਾ. ਕੰਵਲਜੀਤ ਕੌਰ ਢਿੱਲੋਂ ਅਤੇ ਮਨੁੱਖੀ ਅਧਿਕਾਰ ਕਾਰਕੁਨ ਕਮਾਇਨੀ ਬਾਲੀ ਨੇ ਆਖਿਆ ਕਿ ਅੱਜ ਲੋਕਾਂ ਨੂੰ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਅੱਗੇ ਆਊਣ ਦੀ ਲੋੜ ਲੋੜ ਹੈ। ਇਹ ਰੋਸ ਮੁਜ਼ਾਹਰੇ ਅੱਜ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜਲਾਲਾਬਾਦ, ਮਲੋਟ, ਫਾਜ਼ਿਲਕਾ, ਮਾਨਸਾ, ਮੋਗਾ, ਮੁਕਤਸਰ, ਫਰੀਦਕੋਟ, ਤਰਨ ਤਾਰਨ, ਗੁਰਦਾਸਪੁਰ ਤੇ ਨਵਾਂਸ਼ਹਿਰ ਵਿਚ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ਯੋਗੀ ਸਰਕਾਰ ਬਿਲਕੁੱਲ ਅਸਫ਼ਲ ਹੋ ਗਈ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ।
ਜਲੰਧਰ (ਪਾਲ ਸਿੰਘ ਨੌਲੀ): ਜਲੰਧਰ ਵਿਚ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨੀਲਮ ਘੁਮਾਣ ਅਤੇ ਇਸਤਰੀ ਜਾਗਰਿਤੀ ਮੰਚ ਦੇ ਅਨੀਤਾ ਸੰਧੂ ਨੇ ਆਖਿਆ ਕਿ ਉੱਚ ਜਾਤੀ ਦੇ ਕਥਿਤ ਬੰਦਿਆਂ ਵੱਲੋਂ ਹਾਥਰਸ ਵਿੱਚ ਦਲਿਤ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ। ਉਹ ਦਿੱਲੀ ਦੇ ਇੱਕ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਪੁਲੀਸ ਨੇ ਲੜਕੀ ਦੀ ਦੇਹ ਵੀ ਸਸਕਾਰ ਕਰਨ ਲਈ ਮਾਪਿਆਂ ਨੂੰ ਨਹੀਂ ਦਿੱਤੀ ਅਤੇ ਅੱਧੀ ਰਾਤ ਹੀ ਸਸਕਾਰ ਕਰ ਦਿੱਤਾ। ਇਸ ਤਰ੍ਹਾਂ ਮਾਪਿਆਂ ਦੇ ਦੇਹ ਸਸਕਾਰ ਕਰਨ ਦੇ ਹੱਕ ਦਾ ਉਲੰਘਣ ਹੀ ਨਹੀਂ ਕੀਤਾ ਸਗੋਂ ਜਾਣ ਬੁੱਝ ਕੇ ਸਬੂਤਾਂ ਨੂੰ ਮਿਟਾ ਦਿੱਤਾ ਗਿਆ।